ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਸ੍ਰੀ ਅਨੰਦਪੁਰ ਸਾਹਿਬ 31 ਮਈ: ਪੰਜਾਬ ਸਰਕਾਰ ਵੱਲੋਂ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ "ਬ੍ਰਾਈਟ ਮਾਈਂਡਜ਼ ਪੰਜਾਬ 2026" ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮਹੱਤਵਪੂਰਨ ਸਮਾਗਮ 1 ਜੂਨ 2026 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਵਿਰਾਸਤ-ਏ-ਖਾਲਸਾ ਆਡੀਟੋਰੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ।
ਇਸ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ, ਡਾਇਟ ਰੂਪਨਗਰ ਦੀ ਪ੍ਰਿੰਸੀਪਲ ਮੋਨਿਕਾ ਭੁਟਾਨੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਿੰਸੀਪਲ ਇੰਦਰਜੀਤ ਸਿੰਘ ਵੱਲੋਂ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਅਧਿਕਾਰੀਆਂ ਨੇ ਸਮਾਗਮ ਨੂੰ ਸੁਚਾਰੂ ਅਤੇ ਸਫਲ ਬਣਾਉਣ ਲਈ ਹਰ ਪੱਖ ਤੋਂ ਪੂਰੀ ਤਿਆਰੀ ਯਕੀਨੀ ਬਣਾਈ ਹੈ।
ਪ੍ਰੇਮ ਕੁਮਾਰ ਮਿੱਤਲ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਉਹ ਵਿਦਿਆਰਥੀ ਸਨਮਾਨਿਤ ਕੀਤੇ ਜਾਣਗੇ ਜਿਨ੍ਹਾਂ ਨੇ ਬਾਰਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ 85 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਉਹਨਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਹੈ, ਤਾਂ ਜੋ ਹੋਰ ਵਿਦਿਆਰਥੀ ਵੀ ਉੱਚੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਹੋਣ। ਸਮਾਰੋਹ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਜਾਵੇਗਾ। ਇਹ ਸਮਾਗਮ ਜ਼ਿਲ੍ਹੇ ਦੇ ਸਿੱਖਿਆ ਖੇਤਰ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ, ਪ੍ਰਿੰਸੀਪਲ ਨੀਰਜ ਵਰਮਾ, ਚਰਨਜੀਤ ਸਿੰਘ ਸੈਣੀ, ਪਵਨ ਖੁਰਾਨਾ, ਗੁਰਦੀਪ ਸਿੰਘ, ਸੰਦੀਪ ਕੌਰ, ਪੂਜਾ ਗੋਇਲ, ਕਿਰਨ ਬਾਲਾ ਸਾਰੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਗਨੂਰਾ, ਰੁਪਿੰਦਰਜੀਤ ਕੌਰ, ਸੀਮਾ ਜੱਸਲ, ਨਰੇਸ਼ ਕੁਮਾਰ, ਦਿਸ਼ਾਂਤ ਮਹਿਤਾ, ਓਮ ਪ੍ਰਕਾਸ਼, ਸੁਖਜੀਤ ਸਿੰਘ, ਚਰਨਜੀਤ ਬੰਗਾ, ਕੁਲਦੀਪ ਸਿੰਘ, ਮੀਹਮਲ, ਸੁਰਜੀਤ ਸਿੰਘ ਨਾਨੋਵਾਲ ਅਤੇ ਲੈਕਚਰਾਰ ਤਰਲੋਚਨ ਸਿੰਘ ਹਾਜ਼ਰ ਸਨ।

