ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਦੌਲਤਪੁਰ ਤੇ ਫਲੌਲੀ ਦਾ ਦੌਰਾ; ਵੱਡੀ ਨਦੀ 'ਤੇ ਬਣ ਰਹੇ ਪੁਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ
ਪਟਿਆਲਾ, 12 ਜੁਲਾਈ:
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਦੌਲਤਪੁਰ ਅਤੇ ਫਲੌਲੀ ਦਾ ਦੌਰਾ ਕਰਕੇ ਵੱਡੀ ਨਦੀ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੌਲਤਪੁਰ ਵਿਖੇ ਵੱਡੀ ਨਦੀ 'ਤੇ ਨਵੇਂ ਬਣ ਰਹੇ ਪੁਲ ਦੇ ਕੰਮ ਦਾ ਨਿਰੀਖਣ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਮੁਕੰਮਲ ਕਰਨ ਦਾ ਸਮਾਂ ਅਕਤੂਬਰ ਤੱਕ ਦਾ ਹੈ, ਇਸ ਲਈ ਮੰਡੀ ਬੋਰਡ ਇਹ ਯਕੀਨੀ ਬਣਾਏ ਕਿ ਇਹ ਆਪਣੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਏ.ਸੀ.ਏ. ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਪਿੰਡ ਦੌਲਤਪੁਰ ਵਿਖੇ ਬਣਾਏ ਆਰਜ਼ੀ ਰਸਤੇ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਤੇ ਉਦਯੋਗਿਕ ਇਕਾਈਆਂ ਦੀ ਸਹੂਲਤ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬਰਸਾਤਾਂ ਦੇ ਮੌਸਮ ਵਿੱਚ ਆਰਜ਼ੀ ਰਸਤੇ 'ਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੌਲਤਪੁਰ ਤੋਂ ਅੱਗੇ ਐਸ.ਟੀ.ਪੀ. ਕੋਲ ਬਣੇ ਪੁਲ 'ਤੇ ਲੱਗੇ ਫਲੱਡ ਗੇਟਾਂ ਦਾ ਕੰਮ ਵੀ ਅਗਲੇ ਦੋ ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਫਲੌਲੀ ਵਿਖੇ ਜੰਗਲਾਤ ਵਿਭਾਗ ਦੀ ਕਰੀਬ 80 ਏਕੜ ਜ਼ਮੀਨ ਜਿਸ 'ਤੇ ਪਹਾੜੀ ਕਿੱਕਰ ਲੱਗੀ ਹੋਈ ਹੈ, ਉਥੇ ਹੋਰ ਬੂਟੇ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਨਾਲ ਵੱਡੀ ਨਦੀ ਦੇ ਪਾਣੀ ਦੀ ਵਰਤੋਂ ਇਥੇ ਵਿਕਸਤ ਕੀਤੇ ਜਾਣ ਵਾਲੇ ਜੰਗਲ ਨੂੰ ਪਾਣੀ ਲਗਾਉਣ ਲਈ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਨਾਲ ਹੀ ਇਥੇ ਹਰ 100 ਮੀਟਰ 'ਤੇ ਰੀਚਾਰਜਿੰਗ ਖੂਹ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਡੀ ਨਦੀ ਦੀ 13 ਹਜ਼ਾਰ ਕਿਊਸਿਕ ਪਾਣੀ ਦੀ ਸਮਰੱਥਾ ਹੈ ਜਿਸ ਨੂੰ 20 ਹਜ਼ਾਰ ਕਿਊਸਿਕ ਤੱਕ ਕੀਤਾ ਜਾਵੇਗਾ। ਇਸ ਲਈ ਪਲਾਨ ਤਿਆਰ ਕਰ ਲਿਆ ਗਿਆ ਹੈ।
ਇਸ ਉਪਰੰਤ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੂੰ ਫੋਕਲ ਪੁਆਇੰਟ ਦੀਆਂ ਸੜਕਾਂ ਨੂੰ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸੜਕਾਂ ਬਣਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਸੜਕ ਬਣਨ ਤੋਂ ਬਾਅਦ ਸੜਕ 'ਤੇ ਪਾਣੀ ਨਾ ਖੜੇ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸੜਕਾਂ ਦੇ ਟੈਂਡਰ ਹੋ ਚੁੱਕੇ ਹਨ ਤੇ ਬਹੁਤ ਜਲਦ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਫੋਟੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਡੀ ਨਦੀ 'ਤੇ ਪਿੰਡ ਦੌਲਤਪੁਰ ਵਿਖੇ ਬਣ ਰਹੇ ਪੁਲ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।


