ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਪਿੰਡ ਦੁੱਲਾ ਸਿੰਘ ਵਾਲਾ, ਕੁਤਬਦੀਨ ਵਾਲਾ, ਕਾਲੇ ਕੇ ਹਿਠਾੜ, ਕਮਾਲਾ ਬੋਦਲਾ ਵਿਖੇ ਆਯੋਜਿਤ ਸਮਾਗਮਾਂ 'ਚ ਕੀਤੀ ਸ਼ਿਰਕਤ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਪਿੰਡ ਦੁੱਲਾ ਸਿੰਘ ਵਾਲਾ, ਕੁਤਬਦੀਨ ਵਾਲਾ, ਕਾਲੇ ਕੇ ਹਿਠਾੜ, ਕਮਾਲਾ ਬੋਦਲਾ ਵਿਖੇ ਆਯੋਜਿਤ ਸਮਾਗਮਾਂ 'ਚ ਕੀਤੀ ਸ਼ਿਰਕਤ*
ਫ਼ਿਰੋਜ਼ਪੁਰ 3 ਜੂਨ: 2025 ( ਸੁਖਵਿੰਦਰ ਸਿੰਘ):- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਪਿੰਡ ਦੁੱਲਾ ਸਿੰਘ ਵਾਲਾ, ਕੁਤਬਦੀਨ ਵਾਲਾ, ਕਾਲੇ ਕੇ ਹਿਠਾੜ ਅਤੇ ਕਮਾਲਾ ਬੋਦਲਾ ਵਿਖੇ ਆਯੋਜਿਤ ਨਸ਼ਾ ਮੁਕਤੀ ਯਾਤਰਾ ਅਤੇ ਜਾਗਰੂਕਤਾ ਸਮਾਗਮਾਂ ਵਿੱਚ ਸ਼ਿਰਕਤ ਕਰ ਕੇ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜ ਨੂੰ ਨਸ਼ਾ ਮੁਕਤ ਕਰਕੇ ਸਿਹਤਮੰਦ ਪੰਜਾਬ ਬਣਾਉਣ ਲਈ ਵਿੱਢੀ ਗਈ ਮੁਹਿੰਮ 'ਯੁੱਧ ਨਸ਼ਿਆ ਵਿਰੁੱਧ' ਨੂੰ ਸਫਲ ਬਣਾਉਣ ਲਈ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦਾ ਸਹੀ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ, ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।
ਇਸ ਮੌਕੇ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਫਿਰੋਜ਼ਪੁਰ ਸ਼ਹਿਰੀ) ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਕਿਸੇ ਵੀ ਨਸ਼ਾ ਤਸਕਰ ਦਾ ਕੋਈ ਵੀ ਸਾਥ ਨਾ ਦੇਵੇ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ, ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛਡਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।
ਇਸ ਮੌਕੇ ਵਿਧਾਇਕ ਵੱਲੋਂ ਲੋਕਾਂ ਨੂੰ ਸਹੁੰ ਵੀ ਚੁਕਵਾਈ ਗਈ ਕਿ ਪਿੰਡਾਂ ਵਿਚ ਨਸ਼ਾ ਤਸਕਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਨਸ਼ਾ ਤਸਕਰ ਦਾ ਕਿਸੇ ਵੱਲੋਂ ਵੀ ਸਾਥ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਇਨ੍ਹਾਂ ਦੀ ਜਮਾਨਤ ਦੇਵੇਗਾ।ਇਸ ਮੌਕੇ ਡੀ.ਐਸ.ਪੀ. ਸੁਖਵਿੰਦਰ ਸਿੰਘ, ਬਲਦੇਵ ਸਿੰਘ ਮੱਲੀ (ਬਲਾਕ ਪ੍ਰਧਾਨ) ਗੁਰਜੰਟ ਸਿੰਘ (ਸਰਪੰਚ), ਸਤਨਾਮ ਸਿੰਘ (ਸਰਪੰਚ), ਗੁਰਦੇਵ ਸਿੰਘ (ਸਰਪੰਚ) ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।


