ਮੁੱਖ ਮੰਤਰੀ ਵੱਲੋਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ
By Azad Soch
On
ਚੰਡੀਗੜ੍ਹ, 26 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਦੌਰਾਨ ਫੌਜ ਦੇ ਜਾਂਬਾਜ਼ ਯੋਧਿਆਂ ਦੀ ਮਹਾਨ ਕੁਰਬਾਨੀ ਸਾਡੇ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਨਿਰਸਵਾਰਥ ਹੋ ਕੇ ਮੁਲਕ ਦੀ ਸੇਵਾ ਕਰਨ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।
ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ ਬਹਾਦਰ ਜਵਾਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ।
ਸਾਲ 1999 ਦੀ ਕਾਰਗਿਲ ਜੰਗ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਇਸ ਜੰਗ ਦੌਰਾਨ ਸਮੁੱਚਾ ਦੇਸ਼ ਨੇ ਭਗਤੀ ਦੇ ਜਜ਼ਬੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਸੀ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਸਧਾਰਨ ਸੂਰਮਗਤੀ ਦਾ ਪ੍ਰਤੀਕ ਹੈ ਕਿਉਂ ਜੋ ਇਸ ਜੰਗ ਦੌਰਾਨ ਸਾਡੇ ਫੌਜੀ ਜਵਾਨਾਂ ਨੇ ਕੁਰਬਾਨੀ, ਸੂਰਬੀਰਤਾ ਤੇ ਬਹਾਦਰੀ ਦੀ ਬੇਮਿਸਾਲ ਗਾਥਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਫੌਜ ਨੇ ਤਮਾਮ ਔਕੜਾਂ ਦੇ ਬਾਵਜੂਦ ਜੁਲਾਈ, 1999 ਵਿਚ ਕਾਰਗਿਲ, ਦਰਾਸ ਤੇ ਬਟਾਲਿਕ ਦੇ ਇਲਾਕਿਆਂ ਵਿਚ ਘੁਸਪੈਠ ਕਰਨ ਵਾਲੀ ਪਾਕਿਸਤਾਨੀ ਸੈਨਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਸੈਨਿਕਾਂ ਵੱਲੋਂ ਦਿਖਾਈ ਅਦੁੱਤੀ ਬਹਾਦਰੀ ਦੀ ਅਜਿਹੀ ਮਿਸਾਲ ਵਿਸ਼ਵ ਦੇ ਇਤਿਹਾਸ ਵਿਚ ਨਹੀਂ ਮਿਲਦੀ ਜੋ ਸਾਡੇ ਨੌਜਵਾਨਾਂ ਨੂੰ ਭਾਰਤੀ ਫੌਜ ਵਿਚ ਸ਼ਾਮਲ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਆਪਣੇ ਜਾਂਬਾਜ਼ ਸਪੂਤਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਜੋ ਸਖ਼ਤ ਗਰਮੀ ਅਤੇ ਠੰਢ ਵਿਚ ਵੀ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਨਿਕਾਂ ਦੇ ਮਿਸਾਲੀ ਯੋਗਦਾਨ ਦੇ ਸਤਿਕਾਰ ਵਜੋਂ ਸੂਬਾ ਸਰਕਾਰ ਨੇ ਡਿਊਟੀ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ ਸੈਨਿਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਉਪਰਾਲਾ ਸਾਡੇ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਦੇਸ਼ ਸੇਵਾ ਪ੍ਰਤੀ ਨਿਮਾਣੀ ਜਿਹੀ ਕੋਸ਼ਿਸ਼ ਹੈ।
ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੇ ਮਾਈ ਭਾਗੋ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੇ ਕੈਡਿਟਾਂ ਨਾਲ ਸੰਖੇਪ ਵਿਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਦੇ ਅੰਦਰ ਵੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਰੋਲ ਮਾਡਲ ਬਣ ਸਕਦੇ ਹਨ।
ਪੀ.ਏ.ਪੀ. ਬੈਂਡ ਦੇ ਨਾਲ ਪੀ.ਏ.ਪੀ. ਗਰੁੱਪ ਦੇ ਕਮਾਂਡਰ ਡੀ.ਐਸ.ਪੀ. ਦਵਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿਚ ਕਈ ਸੀਨੀਅਰ ਅਤੇ ਸੇਵਾ-ਮੁਕਤ ਰੱਖਿਆ ਅਫਸਰ ਵੀ ਸ਼ਾਮਲ ਹੋਏ।
ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ, ਸਕੱਤਰ ਜੀ. ਬਾਲਾਮੁਰਗਮ ਅਤੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾ-ਮੁਕਤ) ਭੁਪਿੰਦਰ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Tags:
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


