ਡੀਡਾ ਸਾਂਸੀਆਂ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ `ਤੇ ਨਸ਼ਾ ਤਸਕਰ ਵੱਲੋਂ ਕੀਤੀ ਨਾਜਾਇਜ਼ ਉਸਾਰੀ `ਤੇ ਹੋਈ ਬੁਲਡੋਜ਼ਰ ਕਾਰਵਾਈ
By Azad Soch
On
ਦੀਨਾਨਗਰ/ਗੁਰਦਾਸਪੁਰ, 27 ਮਈ ( ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਇੱਕ ਵਾਰ ਫਿਰ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰਾਂ ਉੱਪਰ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਇਮਦਾਦ ਨਾਲ ਪਿੰਡ ਡੀਡਾ ਸਾਂਸੀਆਂ ਵਿਖੇ ਕਾਰਵਾਈ ਕਰਦਿਆਂ ਨਸ਼ਾ ਤਸਕਰ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਬਣਾਈ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ। ਪਿੰਡ ਡੀਡਾ ਸਾਂਸੀਆਂ ਦੇ ਇਸ ਵਿਅਕਤੀ ਉੱਪਰ ਨਸ਼ਾ ਵੇਚਣ ਦੇ 21 ਕੇਸ ਦਰਜ ਸਨ ਅਤੇ ਇਸ ਨੇ ਆਪਣੇ ਘਰ ਦੇ ਨਾਲ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਨਜ਼ਾਇਜ ਉਸਾਰੀ ਕੀਤੀ ਹੋਈ ਸੀ।
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਦੁਪਹਿਰ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਹੋਈ ਇਸ ਨਜਾਇਜ਼ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਦੀਨਾਨਗਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਡੀਡਾ ਸਾਂਸੀਆਂ ਦੇ ਵਸਨੀਕ ਗੁਲਸ਼ਨ ਟੋਨੀ ਨੇ ਆਪਣੇ ਘਰ ਨਾਲ ਲੱਗਦੀ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਨਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਦੀ ਜਾਂਚ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਨਜਾਇਜ਼ ਉਸਾਰੀ ਕਰਨ ਵਾਲੇ ਦੋਸ਼ੀ ਨੂੰ ਕਾਨੂੰਨੀ ਪ੍ਰੀਕ੍ਰਿਆ ਪੂਰੀ ਕਰਦਿਆਂ ਨੋਟਿਸ ਵੀ ਦਿੱਤੇ ਗਏ ਸਨ ਪਰ ਇਸਦੇ ਬਾਵਜੂਦ ਵੀ ਉਸ ਵੱਲੋਂ ਇਹ ਨਜਾਇਜ਼ ਉਸਾਰੀਆਂ ਨੂੰ ਨਹੀਂ ਢਾਹਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਲਿਖਤੀ ਬੇਨਤੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਇਮਦਾਦ ਲੈ ਕੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਬਣੀ ਨਜ਼ਾਇਜ ਉਸਾਰੀ ਨੂੰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ।
ਇਸ ਮੌਕੇ ਮੌਜੂਦ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਸ੍ਰੀ ਆਦਿੱਤਯ, ਆਈ.ਪੀ.ਐੱਸ. ਨੇ ਦੱਸਿਆ ਕਿ ਜਲ ਸਰੋਤ ਵਿਭਾਗ ਨੇ ਪੁਲੀਸ ਨੂੰ ਲਿਖਤੀ ਰਿਪੋਰਟ ਦਿੱਤੀ ਸੀ ਕਿ ਪਿੰਡ ਡੀਡਾ ਸਾਂਸੀਆਂ ਵਿਖੇ ਗੁਲਸ਼ਨ ਟੋਨੀ ਨੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ੇ ਕਰਕੇ ਨਜਾਇਜ਼ ਉਸਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਨਜਾਇਜ਼ ਉਸਾਰੀ ਨੂੰ ਢਾਹਿਆ ਗਿਆ ਹੈ ਅਤੇ ਇਸ ਮੌਕੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਪੁਲਿਸ ਇਮਦਾਦ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਵਾਲਾ ਇਹ ਵਿਅਕਤੀ ਗੁਲਸ਼ਨ ਟੋਨੀ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਸੀ ਅਤੇ ਉਸਦੇ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਤੇ ਐਕਸਾਈਜ਼ ਐਕਟ ਦੇ 21 ਪਰਚੇ ਦਰਜ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਬੁਲਡੋਜ਼ਰ ਕਾਰਵਾਈ ਦੀ ਇਲਾਕਾ ਨਿਵਾਸੀਆਂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ੇ ਵੇਚ ਕੇ ਬਣਾਈਆਂ ਗੈਰ-ਕਾਨੂੰਨੀ ਉਸਾਰੀਆਂ ਉੱਪਰ ਇਹ ਕਾਰਵਾਈ ਹੋਣੀ ਹੀ ਚਾਹੀਦੀ ਹੈ। ਇਸ ਮੌਕੇ ਐੱਸ ਪੀ ਜੁਗਰਾਜ ਸਿੰਘ, ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਮਨਹਾਸ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਏਸੇ ਮਹੀਨੇ 15 ਤਰੀਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਡੀਡਾ ਸਾਂਸੀਆਂ ਵਿਖੇ 2 ਨਸ਼ਾ ਤਸਕਰਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾਇਆ ਗਿਆ ਸੀ। ਇਹ ਦੋਵੇਂ ਘਰ ਵੀ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਜਾਇਜ ਤੌਰ `ਤੇ ਕਬਜ਼ਾ ਕਰਕੇ ਬਣਾਏ ਗਏ ਸਨ।
Tags:
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


