'ਗੁਰੂ ਨਗਰੀ ਅੰਮ੍ਰਿਤਸਰ ਨੂੰ ਬਣਾਇਆ ਜਾ ਰਿਹਾ ਡਿਪੋਟੇਸ਼ਨ ਸੈਂਟਰ',
Amritsar Sahib,15,FEB,2025,(Azad Soch News):- ਭਾਰਤ ਸਰਕਾਰ (India Government) ਵੱਲੋਂ ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ (Amritsar Airport) 'ਤੇ ਉਤਾਰਨ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕਦਮ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਦੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰਨ ਦਾ ਕਦਮ ਭਾਰਤ ਸਰਕਾਰ ਦੀ ਵਿਸ਼ਵ ਪੱਧਰ 'ਤੇ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਇੱਕ ਸਾਜਿਸ਼ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, 'ਕੁਝ ਦਿਨ ਪਹਿਲਾਂ ਵੀ ਇੱਕ ਜਹਾਜ਼ ਅੰਮ੍ਰਿਤਸਰ ਏਅਰਪੋਟ ਵਿਖੇ ਉਤਰਿਆ ਗਿਆ ਸੀ ਅਤੇ ਹੁਣ ਦੋ ਹੋਰ ਜਹਾਜ਼ ਬਿਨਾਂ ਕਿਸੇ ਠੋਸ ਤਰਕ ਦੇ ਉਤਾਰੇ ਜਾ ਰਹੇ ਹਨ।
ਪੰਜਾਬੀਆਂ ਨੂੰ ਬਦਨਾਮ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ। ਪੰਜਾਬੀਆਂ ਨੂੰ ਨਾ-ਪਸੰਦ ਕਰਨ ਦਾ ਕਾਰਣ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਕਦੇ ਚੋਣਾਂ ਵਿੱਚ ਜਿੱਤਣ ਨਹੀਂ ਦਿੰਦੇ ਇਸ ਲਈ ਸਿਆਸੀ ਬਦਲਾਖੋਰੀ ਲਈ ਉਹ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ।'ਮੁੱਖ ਮੰਤਰੀ ਨੇ ਕਿਹਾ ਕਿ,'ਵਿਦੇਸ਼ ਮੰਤਰਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸਪੱਸ਼ਟ ਕਰੇ ਕਿ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਗੁਆਂਢੀ ਦੁਸ਼ਮਣ ਮੁਲਕ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਅਮਰੀਕਾ ਦਾ ਇੱਕ ਫੌਜੀ ਜਹਾਜ਼ ਇੱਥੇ ਉਤਾਰਿਆ ਜਾ ਰਿਹਾ ਹੈ। ਜਦੋਂ ਸੂਬਾ ਸਰਕਾਰ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇਤੁਕੇ ਕਾਰਨਾਂ ਕਰਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ।'
ਮੁੱਖ ਮੰਤਰੀ ਨੇ ਕਿਹਾ ਕਿ, 'ਸੂਬੇ ਦੇ ਅਕਸ ਨੂੰ ਢਾਹ ਲਾਉਣ ਲਈ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਬਿਨਾਂ ਕਿਸੇ ਤਰਕ ਦੇ ਇੱਥੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਹਿੰਡਨ ਹਵਾਈ ਅੱਡੇ 'ਤੇ ਉਤਾਰਿਆ ਜਾ ਸਕਦਾ ਹੈ ਅਤੇ ਰਾਫੇਲ ਜੈੱਟ ਨੂੰ ਅੰਬਾਲਾ ਵਿੱਚ ਉਤਾਰਿਆ ਜਾ ਸਕਦਾ ਹੈ ਤਾਂ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਸਕਦਾ। ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਿਰਫ਼ ਪੰਜਾਬ ਦੀ ਹੀ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਲਈ ਸਿਰਫ਼ ਪੰਜਾਬੀਆਂ ਨੂੰ ਹੀ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ।'
'ਗੈਂਗਸਟਰਾਂ ਦਾ ਵੀ ਇੱਕ ਜਹਾਜ਼ ਭੇਜਣ ਅੰਮ੍ਰਿਤਸਰ'
ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐੱਮ ਮੋਦੀ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਆਖਿਆ ਕਿ, ਜੋ ਲੋਕ ਅਮਰੀਕਾ ਵਿੱਚ ਲੱਖਾਂ ਰੁਪਏ ਖਰਚ ਕੇ ਸ਼ਰਾਫ਼ਤ ਨਾਲ ਆਪਣਾ ਸਮਾਂ ਗੁਜ਼ਾਰ ਰਹੇ ਸਨ ਉਨ੍ਹਾਂ ਨੂੰ ਤਾਂ ਪੈਰਾਂ ਅਤੇ ਹੱਥਾਂ ਵਿੱਚ ਜੰਜ਼ੀਰਾਂ ਪਾਕੇ ਵਤਨ ਵਾਪਸ ਭੇਜਿਆ ਜਾ ਰਿਹਾ ਹੈ ਪਰ ਜੋ ਲੋਕ ਇਨ੍ਹਾਂ ਮੁਲਕਾਂ ਵਿੱਚ ਬੈਠ ਕੇ ਪੂਰੇ ਉੱਤਰ-ਭਾਰਤ ਵਿੱਚ ਗੈਂਗਸਟਰਵਾਦ ਅਤੇ ਫਿਰੌਤੀਆਂ ਦਾ ਨੈਕਸਸ ਚਲਾ ਰਹੇ ਹਨ ਉਨ੍ਹਾਂ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਗੱਲ ਵੀ ਨਹੀਂ ਕੀਤੀ ਜਾ ਰਹੀ। ਭਾਰਤ ਸਰਕਾਰ ਇੱਕ ਜਹਾਜ਼ ਇਨ੍ਹਾਂ ਗੈਂਗਸਟਰਾਂ ਦਾ ਭਰ ਕੇ ਅੰਮ੍ਰਿਤਰ ਭੇਜਦੇ ਤਾਂ ਜੋ ਗੰਭੀਰ ਮਸਲਾ ਹੱਲ ਹੋ ਸਕੇ।'
ਮੈਂ ਕਰਾਂਗੇ ਆਪਣੇ ਲੋਕਾਂ ਨੂੰ ਰਸੀਵ'
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ,' ਮੈਂ ਆਪਣੇ ਲੋਕਾਂ ਨੂੰ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਉੱਤੇ ਰਸੀਵ ਕਰਾਂਗੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਤੋਂ ਇਲਾਵਾ ਉਨ੍ਹਾਂ ਦੀ ਘਰ ਤੱਕ ਪਹੁੰਚ ਨੂੰ ਵੀ ਯਕੀਨੀ ਬਣਾਇਆ ਜਾਵੇਗਾ, ਡਿਪੋਰਟ ਕੀਤੇ ਗਏ ਭਾਰਤੀ ਅਮਰੀਕੀ ਸਰਕਾਰ ਦੀ ਨਜ਼ਰ ਵਿੱਚ ਅਪਰਾਧੀ ਹੋ ਸਕਦੇ ਹਨ ਪਰ ਸਾਡੀ ਨਜ਼ਰ ਵਿੱਚ ਨਹੀਂ,ਇਸ ਲਈ ਉਨ੍ਹਾਂ ਸਤਾਏ ਲੋਕਾਂ ਨਾਲ ਵਧੀਆ ਵਤੀਰਾ ਕਰਨਾ ਸਾਡਾ ਫਰਜ਼ ਹੈ।'
'ਪੀਐੱਮ ਮੋਦੀ ਨੂੰ ਵਾਪਸੀ ਦਾ ਤੋਹਫ਼ਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆ ਮੁੱਖ ਮੰਤਰੀ ਨੇ ਕਿਹਾ ਕਿ 'ਆਪਣੇ ਆਪ ਨੂੰ ਵਿਸ਼ਵ ਗੁਰੂ' ਕਹਿਣ ਵਾਲੇ ਭਾਰਤੀਆਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਵਿਦੇਸ਼ ਨੀਤੀ ਦੀ ਵੱਡੀ ਅਸਫਲਤਾ ਹੈ ਕਿਉਂਕਿ ਜਿਸ ਸਮੇਂ ਮੋਦੀ ਆਪਣੇ ਦੋਸਤ ਡੋਨਾਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ, ਉਸੇ ਸਮੇਂ ਜੰਜ਼ੀਰਾਂ ਵਿੱਚ ਜਕੜੇ ਭਾਰਤੀਆਂ ਨੂੰ ਫੌਜ ਦੇ ਜਹਾਜ਼ ਰਾਹੀਂ ਡਿਪੋਰਟ ਕੀਤਾ ਜਾ ਰਿਹਾ ਸੀ। ਸੀਐੱਮ ਮਾਨ ਨੇ ਕਿਹਾ ਕਿ ਇਸ ਦੌਰੇ ਵਿੱਚ ਆਪਣੀ ਸਵੈ-ਪ੍ਰਸ਼ੰਸਾ ਤੋਂ ਇਲਾਵਾ ਮੋਦੀ ਨੇ ਹੋਰ ਕੁਝ ਵੀ ਨਹੀਂ ਖੱਟਿਆ ਅਤੇ ਟਰੰਪ ਨੇ ਜੰਜ਼ੀਰਾਂ ਵਿੱਚ ਜਕੜੇ ਭਾਰਤੀਆਂ ਨੂੰ ਉਨ੍ਹਾਂ ਦੀ ਆਪਣੀ ਧਰਤੀ 'ਤੇ ਭੇਜ ਕੇ ਮੋਦੀ ਨੂੰ ਵਾਪਸੀ ਦਾ ਤੋਹਫ਼ਾ ਦਿੱਤਾ ਹੈ।
ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਰਤ ਸਰਕਾਰ ਡਿਪੋਰਟ ਕੀਤੇ ਇਨ੍ਹਾਂ ਭਾਰਤੀਆਂ ਦੀ ਸਨਮਾਨਜਨਕ ਵਾਪਸੀ ਨੂੰ ਯਕੀਨੀ ਨਹੀਂ ਬਣਾ ਸਕੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਹ ਬੱਚੇ ਪਿਛਲੇ ਸੱਤ ਦਹਾਕਿਆਂ ਤੋਂ ਦੇਸ਼ ਵਿੱਚ ਪ੍ਰਚਲਿੱਤ ਇਸ ਪ੍ਰਣਾਲੀ ਦਾ ਸ਼ਿਕਾਰ ਹੋ ਹਨ। ਜਿੱਥੇ ਗੈਰ-ਕਾਨੂੰਨੀ ਪ੍ਰਵਾਸ ਨੇ ਆਪਣੇ ਪੈਰ ਪਸਾਰੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ, ਮੋਦੀ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ ਜੋ ਕਿ ਬਿਲਕੁਲ ਵੀ ਜਾਇਜ਼ ਨਹੀਂ ਹੈ।