ਜ਼ਿਲ੍ਹਾ ਗੁਰਦਾਸਪੁਰ ਵਿੱਚ ਜਲਦ ਹੀ ਬਣਨਗੇ 20 ਹੋਰ ਆਮ ਆਦਮੀ ਕਲੀਨਿਕ - ਰਮਨ ਬਹਿਲ
By Azad Soch
On
ਗੁਰਦਾਸਪੁਰ, 23 ਮਈ ( ) - ਸਿਹਤ ਵਿਭਾਗ ਗੁਰਦਾਸਪੁਰ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸ਼੍ਰੀ ਹਰੀ ਦਰਬਾਰ ਕਾਲੋਨੀ ਵਿਖੇ ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਰਬਨ ਸੀਐੱਚਸੀ ਗੁਰਦਾਸਪੁਰ ਵਿੱਚ ਜਲਦ ਹੀ ਆਈਪੀਡੀ ਸੇਵਾਵਾਂ ਵਿੱਚ ਵਾਧਾ ਕੀਤਾ ਜਾਵੇਗਾ । ਲੋਕਾਂ ਦੀ ਸਹੂਲਤ ਲਈ ਇਸ ਸੰਸਥਾ ਵਿੱਚ ਸਰਜੀਕਲ ਆਈਪੀਡੀ ਤਹਿਤ ਆਪ੍ਰੇਸ਼ਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਲਦ ਹੀ 20 ਹੋਰ ਆਮ ਆਦਮੀ ਕਲੀਨਿਕ ਬਣਨਗੇ ਜਿਨ੍ਹਾਂ ਵਿਚੋਂ 6 ਨਵੇਂ ਆਮ ਆਦਮੀ ਕਲੀਨਿਕ ਗੁਰਦਾਸਪੁਰ ਸ਼ਹਿਰੀ ਖੇਤਰ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਡੇਂਗੂ ਟੈੱਸਟ ਦੀ ਸੁਵਿਧਾ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਈ ਹੈ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਟੈੱਸਟਾਂ ਦੇ ਨਾਲ ਹੀ ਇਲਾਜ ਦੀ ਵੀ ਪੂਰੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਡੇਂਗੂ 'ਤੇ ਵਾਰ ਹਰ ਸ਼ੁੱਕਰਵਾਰ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਸਰਕਾਰ ਦੀ ਮੁਹਿੰਮ ਕਾਰਨ ਹੀ ਸਾਲ ਦਰ ਸਾਲ ਡੇਂਗੂ ਦੇ ਕੇਸ ਘੱਟ ਹੋਏ ਹਨ। ਇਨ੍ਹਾਂ ਕੇਸਾਂ ਨੂੰ ਹੋਰ ਘੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਦਾ ਜ਼ਿੰਮਾ ਸਾਡਾ ਸਾਰਿਆਂ ਦਾ ਹੈ।
ਚੇਅਰਮੈਨ ਰਮਨ ਬਹਿਲ ਨੇ ਸਮੂਹ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਵਿੱਚ ਤਨਦੇਹੀ ਨਾਲ ਕੰਮ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇ। ਸ਼੍ਰੀ ਬਹਿਲ ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦਿੱਤੇ ਜਾ ਰਹੇ ਸਹਿਯੋਗ 'ਤੇ ਸੰਸਥਾ ਦੀ ਤਾਰੀਫ਼ ਕੀਤੀ।
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਡੇਂਗੂ ਫੈਲਣ ਦਾ ਜਿੱਥੇ ਜ਼ਿਆਦਾ ਖ਼ਤਰਾ ਹੈ ਉੱਥੇ ਸਪੈਸ਼ਲ ਟੀਮਾਂ ਬਣਾਇਆ ਜਾਣ। ਡੇਂਗੂ ਟੈਸਟਿੰਗ ਦੇ ਨਾਲ ਲਾਰਵਾ ਖ਼ਤਮ ਕੀਤਾ ਜਾਵੇ ਅਤੇ ਫੋਗਿੰਗ ਦਾ ਵੀ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਫ਼ਾਲਤੂ ਵਿਚ ਪਾਣੀ ਨਾ ਜਮਾ ਹੋਣ ਦੇਣ। ਜੇ ਕਿਤੇ ਮੱਛਰ ਦਾ ਲਾਰਵਾ ਹੋਵੇ, ਉਸ ਨੂੰ ਨਸ਼ਟ ਕੀਤਾ ਜਾਵੇ। ਮੱਛਰ ਜਨਿਤ ਰੋਗਾਂ ਤੋ ਬਚਾਅ ਕੀਤਾ ਜਾਵੇ। ਬੁਖ਼ਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋ ਜਾਂਚ ਕਰਵਾਈ ਜਾਵੇ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ।
ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਡੇਂਗੂ, ਮਲੇਰੀਆ ਰੋਕਥਾਮ ਅਤੇ ਜਾਗਰੂਕਤਾ ਲਈ 101 ਟੀਮਾਂ ਬਣਾਈ ਗਈਆਂ ਹਨ। ਬਰੀਡਿੰਗ ਚੈੱਕਰ ਦੀ ਵੀ ਭਰਤੀ ਕੀਤੀ ਗਈ ਹੈ। ਫ਼ੀਲਡ ਸਟਾਫ਼ ਵੱਲੋਂ ਡੇਂਗੂ ਅਤੇ ਮਲੇਰੀਆ ਜਾਂਚ ਲਈ ਘਰਾਂ ਅਤੇ ਹੋਰ ਜਗਾ ਤੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ । ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਲਿਟਲ ਚੈਂਪੀਅਨ ਪ੍ਰੋਗਰਾਮ ਜਾਰੀ ਹੈ । ਉਨ੍ਹਾਂ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇ ਗਤੀਵਿਧੀ ਜਾਰੀ ਹਨ।
ਭਾਰਤ ਵਿਕਾਸ ਦੇ ਨੁਮਾਇੰਦਿਆਂ ਨੇ ਭਰੋਸਾ ਦਵਾਇਆ ਕਿ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਗੁਰਪ੍ਰੀਤ ਕੌਰ, ਡਾ. ਭਾਵਨਾ ਸ਼ਰਮਾ, ਡਾ. ਮਮਤਾ, ਡਾ. ਵੰਦਨਾ , ਹਿਤੇਸ਼ ਮਹਾਜਨ, ਰਾਕੇਸ਼ ਸ਼ਰਮਾ,ਦਵਿੰਦਰ ਸਿੰਘ, ਰਮੇਸ਼ ਸ਼ਰਮਾ, ਗੁਰਪ੍ਰੀਤ ਸਿੰਘ, ਕਮਲ ਸ਼ਰਮਾ, ਜਗਦੀਸ਼ ਮਿੱਤਲ, ਰਾਜ ਕੁਮਾਰ, ਉਂਕਾਰ ਕ੍ਰਿਸ਼ਨ, ਮਨੋਹਰ ਲਾਲ, ਅਸ਼ੋਕ ਕੁਮਾਰ, ਰਾਮ ਲੁਭਾਇਆ, ਜੋਬਨਪ੍ਰੀਤ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Tags:
Related Posts
Latest News
22 Jun 2025 09:44:55
Hisar,22,JUN,2025,(Azad Soch News):- ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਮੀਂਹ ਪਿਆ,ਮੌਸਮ ਵਿਭਾਗ (Department of Meteorology) ਨੇ ਸੱਤ ਜ਼ਿਲ੍ਹਿਆਂ ਵਿੱਚ...