ਜ਼ਿਲ੍ਹਾ ਮਾਨਸਾ ਨੂੰ ਮਿਲੀ ਅਤਿ ਆਧੁਨਿਕ ਨਵੀ ਐਂਬੂਲੈਂਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਮਾਨਸਾ, 19 ਜੂਨ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਅੰਦਰ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜਸ਼ੀਲ ਹੈ। ਸੂਬਾ ਸਰਕਾਰ ਦੇ ਉਪਰਾਲਿਆਂ ਸਦਕਾ ਲੋਕਾਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਪੰਜਾਬ ਅੰਦਰ 46 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਦਿੱਤੀਆਂ ਗਈਆਂ ਹਨ। ਜਿਸ ਤਹਿਤ ਇਕ ਐਂਬੂਲੈਂਸ ਜ਼ਿਲ੍ਹਾ ਮਾਨਸਾ ਲਈ ਵੀ ਪ੍ਰਾਪਤ ਹੋਈ ਹੈ, ਜਿਸ ਨੂੰ ਅੱਜ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸਿਵਲ ਸਰਜਨ ਨੇ ਕਿਹਾ ਕਿ ਅਤਿ ਆਧੁਨਿਕ ਮੈਡੀਕਲ ਉਪਕਰਨਾਂ ਨਾਲ ਲੈੱਸ ਇਸ ਐਂਬੂਲੈਂਸਾ ਦਾ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਵਿੱਚ ਆਕਸੀਜਨ, ਜੀਵਨ ਰੱਖਿਅਕ ਦਵਾਈਆਂ, ਤੁਰੰਤ ਰਿਸਪਾਂਸ ਨੂੰ ਯਕੀਨੀ ਬਣਾਉਣ ਲਈ ਜੀ.ਪੀ.ਐੱਸ. ਅਧਾਰਤ ਟਰੈਕਿੰਗ ਸਿਸਟਮ ਸ਼ਾਮਿਲ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਫਰਿਸ਼ਤੇ ਸਕੀਮ ਦੇ ਅਧੀਨ ਰੋਡ ਸਾਈਡ ਐਕਸੀਡੈਂਟ ਕੇਸ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਵਿੱਤੀ ਸਹਾਇਤਾ ਦੇ ਨਾਲ ਨਾਲ ਮਰੀਜ਼ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਰੋਡ ਐਕਸੀਡੈਂਟ ਵਿੱਚ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਨਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੀ ਐਚ ਸੀ ਝੁਨੀਰ ਵਿਖੇ ਵੀ ਇੱਕ ਐਮਬੂਲੈਂਸ ਨਵੀਂ ਆਈ ਹੈ।
ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ,ਡਾ ਕੰਵਲਪ੍ਰੀਤ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇ ਕੁਮਾਰ, ਉਪ ਸਮੂਹ ਸਿੱਖਿਆ ਦੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਪ੍ਰਤਾਪ ਸਿੰਘ ਸੁਪਰਡੈਂਟ, ਸੰਦੀਪ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਰਮੇਸ਼ਵਰ ਲਾਲ ਈ ਐਮ ਪੀ,ਪਾਇਲਟ ਸੁਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।