ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਾਈਨਿੰਗ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਪੱਤੀ ਦੁਲਚੀ ਦਾ ਕੀਤਾ ਵਿਸੇਸ਼ ਦੌਰਾ
ਨੰਗਲ 12 ਅਪ੍ਰੈਲ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਸ੍ਰੀ ਵਰਿੰਦਰ ਕੁਮਾਰ ਗੋਇਲ ਮਾਈਨਿੰਗ ਮੰਤਰੀ ਨੇ ਅੱਜ ਮਾਈਨਿੰਗ ਪਿੰਡ ਪੱਤੀ ਦੁਲਚੀ ਦਾ ਦੌਰਾ ਕੀਤਾ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਜਾਇਜ਼ ਖਣਨ ਕਰਨ ਵਾਲਿਆਂ ਵਿਰੁੱਧ ਜੀਰੋ ਟੋਲਰੈਂਸ ਅਪਨਾਈ ਜਾਵੇ, ਰਾਤ ਸਮੇਂ ਚੈਕਿੰਗ ਹੋਰ ਵਧਾਈ ਜਾਵੇ, ਕੈਮਰਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇ।
ਅੱਜ ਦੋਵੇਂ ਕੈਬਨਿਟ ਮੰਤਰੀ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦੇ ਉਨ੍ਹਾਂ ਪਿੰਡਾਂ ਦੇ ਦੌਰੇ ਤੇ ਸਨ, ਜਿਨ੍ਹਾਂ ਵਿੱਚੋ ਨਜ਼ਾਇਜ਼ ਮਾਈਨਿੰਗ ਬਾਰੇ ਸ਼ਿਕਾਇਤਾਂ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਗੈਰਸਮਾਜੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਪਵੇਗੀ, ਜੋ ਸਾਡਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇਲਾਕਾ ਵਾਸੀਆਂ ਦਾ ਸਹਿਯੋਗ ਲਵਾਂਗੇ ਤੇ ਦੋਸ਼ੀਆਂ ਵਿਰੁੱਧ ਪਹਿਲਾ ਤੋ ਵੀ ਕਰੜੀ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਖਣਨ ਬਾਰੇ ਸਾਰੇ ਮਾਪਦੰਡ ਤਹਿ ਕੀਤੇ ਹੋਏ ਹਨ, ਕੁਦਰਤੀ ਸ੍ਰੋਤਾਂ ਨਾਲ ਛੇੜਛਾੜ ਬਿਲਕੁੱਲ ਬਰਦਾਸ਼ਤ ਨਹੀ ਹੋਵੇਗੀ। ਇਲਾਕਾ ਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਪਿੰਡ ਦੀ ਸ਼ਮਸਾਨ ਘਾਟ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਮੰਗ ਰੱਖੀ, ਜਿਸ ਨੂੰ ਸ.ਬੈਂਸ ਨੇ ਮੌਕੇ ਤੇ ਹੀ ਪ੍ਰਵਾਨ ਕਰ ਲਿਆ।
ਇਸ ਉਪਰੰਤ ਸ.ਬੈਂਸ ਆਪਣੇ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ ਵਿੱਚ ਤਹਿਤ ਲੋਕ ਮਿਲਣੀ ਕਰਨ ਲਈ ਪਿੰਡ ਮਹਿਲਮਾਂ ਤੇ ਬ੍ਰਹਮਪੁਰ ਪਹੁੰਚੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ। ਸ.ਬੈਂਸ ਨੇ ਦੱਸਿਆ ਕਿ ਮਾਨ ਸਰਕਾਰ ਦਾ ਏਜੰਡਾ ਹੈ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਮਿਆਰੀ ਹੋਣ ਤੇ ਲੋਕਾਂ ਨੂੰ ਬਰੂਹਾਂ ਤੇ ਮਿਲਣ, ਇਸ ਦੀ ਸੁਰੂਆਤ ਹੋ ਚੁੱਕੀ ਹੈ। ਵਿਰੋਧੀ ਆਪਣੀ ਪੀੜੀ ਹੇਠ ਸੋਟਾ ਮਾਰਨ ਜ਼ਿਨ੍ਹਾਂ ਨੇ 75 ਸਾਲਾ ਵਿੱਚ ਕੋਈ ਲੋਕਪੱਖੀ ਕੰਮ ਨਹੀ ਕੀਤੇ, ਸਗੋਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਵੀ ਕੰਮ ਕੀਤੇ ਹਨ।
ਇਸ ਮੌਕੇ ਸਰਪੰਚ ਜਸਪਾਲ ਸਿੰਘ, ਨਿਤਿਨ ਪੁਰੀ, ਡਾ.ਹਰਜੋਤ ਸਿੰਘ, ਸਰਪੰਚ ਦਿਲਬਾਗ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ, ਨਿਰੰਜਨ ਕੌਰ (ਸਾਰੇ ਪੰਚ), ਸਰਪੰਚ ਗੁਰਦਿਆਲ ਸਿੰਘ, ਸਰਪੰਚ ਰਣਜੀਤ ਕੌਰ, ਕੁਲਵੰਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਸੁਨੀਲ ਦੱਤ, ਜੀਤ ਰਾਮ, ਕੁਲਦੀਪ ਸਿੰਘ ਤੇ ਪਤਵੰਤ ਹਾਜ਼ਰ ਸਨ।


