ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਆਧੁਨਿਕ ਮਸ਼ੀਨਰੀ ਦੀ ਨਹੀਂ ਹੈ ਕੋਈ ਘਾਟ : ਡਿਪਟੀ ਕਮਿਸ਼ਨਰ
By Azad Soch
On
ਬਠਿੰਡਾ, 3 ਨਵੰਬਰ : ਪਰਾਲੀ ਪ੍ਰਬੰਧਨ ਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਆਧੁਨਿਕ ਮਸ਼ੀਨਰੀ ਦੀ ਕੋਈ ਘਾਟ ਨਹੀਂ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡ ਕੋਟਬਖਤੂ ਤੇ ਆਸ-ਪਾਸ ਦੇ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 250 ਬੇਲਰ ਅਤੇ 4000 ਦੇ ਕਰੀਬ ਸੁਪਰ ਸੀਡਰ ਹਨ, ਜਿਨ੍ਹਾਂ ਦੀ ਵਰਤੋਂ ਕਰਨ ਲਈ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ। ਸਿਵਲ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਦੇ ਠੋਸ ਉਪਰਾਲਿਆਂ ਸਦਕਾ ਬਠਿੰਡਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ ਆਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲਗਭਗ 262 ਦੇ ਕਰੀਬ ਨੋਡਲ ਅਫਸਰ, 25 ਕਲਸਟਰ ਅਤੇ 96 ਸਪੈਸ਼ਲ ਸੁਪਰਵਾਈਜ਼ਰਾਂ ਤੋਂ ਇਲਾਵਾ 7 ਹਾਇਰ ਆਫੀਸਰਜ਼ ਦੀਆਂ ਟੀਮਾਂ ਅਤੇ 16 ਹੋਰ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਪਰਾਲੀ ਪ੍ਰਬੰਧਨ ਵਿੱਚ ਲਗਾਈਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਭਰ 'ਚ ਅੱਗ ਬੁਝਾਉਣ ਲਈ 15 ਫਾਇਰ ਟੈਂਡਰ ਵੀ ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਡੰਪ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਨੰਗਲਾ, ਕੋਟਸ਼ਮੀਰ, ਕੋਟਫੱਤਾ, ਜੀਦਾ ਅਤੇ ਨਥੇਹਾ ਵਿਖੇ 2-2 ਅਤੇ ਪਿੰਡ ਘੁੱਦਾ ਵਿਖੇ ਪਰਾਲੀ ਦੀ ਸੰਭਾਲ ਲਈ 3 ਡੰਪ ਬਣਾਏ ਗਏ ਹਨ।
ਉਹਨਾਂ ਅੱਗੇ ਦੱਸਿਆ ਕਿ ਪਿੰਡ ਸੀਂਗੋ, ਜੱਜਲ, ਸੰਗਤ ਮੰਡੀ, ਜੋਧਪੁਰ ਰਮਾਣਾ, ਬੱਲੂਆਣਾ, ਨਰੂਆਣਾ ਸਹਿਣੇਵਾਲਾ, ਚੱਕ ਹੀਰਾ ਸਿੰਘ ਵਾਲਾ, ਸੀਰੀਏਵਾਲਾ, ਕਾਲਝਰਾਣੀ, ਰਾਮਪੁਰਾ ਰੋਡ ਨੇੜੇ ਹੋਟਮਿਕਸ, ਲਹਿਰੀ, ਜੋਗੇ ਵਾਲਾ, ਬਹਿਮਣ ਦੀਵਾਨਾ ਅਤੇ ਦੇਸੋਜੋਧਾ (ਡੱਬਵਾਲੀ) ਵਿਖੇ 1-1 ਪਰਾਲੀ ਦੀ ਸਾਂਭ-ਸੰਭਾਲ ਲਈ ਡੰਪ ਬਣਾਇਆ ਗਿਆ ਹੈ।
ਇਸ ਮੌਕੇ ਖੇਤੀਬਾੜੀ ਤੇ ਵਿਭਾਗ ਦੇ ਅਧਿਕਾਰੀ ਸ੍ਰੀ ਗੁਰਜੀਤ ਸਿੰਘ ਵਿਰਕ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਹਨਾਂ ਨੂੰ ਨੁਮਾਇੰਦੇ ਆਦਿ ਹਾਜ਼ਰ ਸਨ।
Tags:
Related Posts
Latest News
09 Jul 2025 12:20:54
Patiala,09,JULY,2025,(Azad Soch News):- ਪੀ ਆਰ ਟੀ ਸੀ (PRTC) ਤੇ ਪਨਬੱਸ (PUN BUS) ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਕਾਰਨ...