ਫੋਕਲ ਪੁਆਇੰਟ ਹੁਸ਼ਿਆਰਪੁਰ ‘ਚ 2 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ
ਹੁਸ਼ਿਆਰਪੁਰ, 13 ਜਨਵਰੀ :
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਫੋਕਲ ਪੁਆਇੰਟ ਹੁਸ਼ਿਆਰਪੁਰ ਵਿਚ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਕਮਿਊਨਿਟੀ ਹਾਲ ਦੀ ਉਸਾਰੀ, ਆਧੁਨਿਕ ਪਾਰਕ ਦਾ ਵਿਕਾਸ, ਟਾਇਲਟ ਬਲਾਕ, ਚਾਰਦੀਵਾਰੀ ਦੀ ਉਸਾਰੀ ਅਤੇ ਅੰਦਰੂਨੀ ਸੜਕਾਂ ਦੀ ਉਸਾਰੀ ਸ਼ਾਮਿਲ ਹੈ। ਇਹ ਪ੍ਰੋਜੈਕਟ ਫੋਕਲ ਪੁਆਇੰਟ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ ਅਤੇ ਉਦਯੋਗਪਤੀਆਂ ਅਤੇ ਕਾਮਿਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਗੇ।
ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਉਦਯੋਗ ਕਿਸੇ ਵੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਵਰਗੇ ਉਦਯੋਗਿਕ ਖੇਤਰਾਂ ਨੂੰ ਪਿਛਲੀਆਂ ਸਰਕਾਰਾਂ ਨੇ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ, ਜਿਸ ਕਾਰਨ ਇਥੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ। ਮੌਜੂਦਾ ਸਰਕਾਰ ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਸਮਝਦੇ ਹੋਏ, ਉਦਯੋਗਿਕ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਹੈ।
ਵਿਧਾਇਕ ਨੇ ਕਿਹਾ ਕਿ ਫੋਕਲ ਪੁਆਇੰਟ ਵਿੱਚ ਕੀਤੇ ਜਾ ਰਹੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਨਾ ਸਿਰਫ਼ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਸਗੋਂ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਬਲਵਿੰਦਰ ਬਿੰਦੀ, ਦ੍ਰਿਪਨ ਸੈਣੀ, ਕੁਲਵਿੰਦਰ ਸਿੰਘ ਹੁੰਦਲ ਸਮੇਤ ਕਈ ਉਦਯੋਗਪਤੀ ਅਤੇ ਫੋਕਲ ਪੁਆਇੰਟ ਦੇ ਪਤਵੰਤੇ ਹਾਜ਼ਰ ਸਨ। ਸਾਰਿਆਂ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।.jpg)

