ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਰ੍ਹੋਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ
By Azad Soch
On
ਫ਼ਤਹਿਗੜ੍ਹ ਸਾਹਿਬ, 12 ਫਰਵਰੀ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇੜਾ ਬਲਾਕ ਦੇ ਪਿੰਡ ਮਹਿਤਾਬਗੜ੍ਹ ਵਿਖੇ ਸਰ੍ਹੋਂ ਦੀਆਂ ਸੁਧਰੀਆਂ ਉਤਪਾਦਨ ਅਤੇ ਸੁਰੱਖਿਅਤ ਤਕਨੀਕਾਂ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਮਹਿਤਾਬਗੜ, ਭੂਆਖੇੜੀ ਅਤੇ ਝਾਮਪੁਰ ਦੇ ਲਗਭਗ 50 ਕਿਸਾਨਾਂ ਨੇ ਭਾਗ ਲਿਆ।
ਇਸ ਸਿਖਲਾਈ ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਸਲ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਾੜ੍ਹੀ ਰੁੱਤ ਦੌਰਾਨ ਪੀਲੀ ਕ੍ਰਾਂਤੀ ਭਾਵ ਸਰੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਮਹਿਤਾਬਗੜ, ਭੂਆਖੇੜੀ ਅਤੇ ਝਾਮਪੁਰ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ ਐਸ ਸੀ -7 ਦੇ 40 ਪ੍ਰਦਰਸ਼ਨੀ ਪਲਾਟ ਲਗਵਾਏ ਗਏ ਹਨ। ਕਨੋਲਾ ਸਰ੍ਹੋਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਨੋਲਾ ਕਿਸਮਾਂ ਦੇ ਤੇਲ ਵਿੱਚ ਇਰੁਸਿਕ ਏਸਿਡ 2 ਪ੍ਰਤੀਸ਼ਤ ਤੋਂ ਘੱਟ ਅਤੇ ਖਲ਼ ਵਿੱਚ ਗਲੁਕੋਸਿਨੋਲੇਟਸ ਦੀ ਮਾਤਰਾ 30 ਮਾਈਕਰੋਮੋਲ ਤੋਂ ਘੱਟ ਹੁੰਦੀ ਹੈ। ਇਹਨਾਂ ਗੁਣਾਂ ਕਾਰਨ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਨੂੰ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੋਭੀ ਸਰੋਂ ਅਤੇ ਰਾਇਆ ਸਰੋਂ ਦੀਆਂ ਕਨੋਲਾ ਗੁਣਾਂ ਵਾਲੀਆਂ ਕੁੱਲ 6 ਕਿਸਮਾਂ/ ਹਾਈਬ੍ਰਿਡ ਸਿਫਾਰਸ਼ ਕੀਤੀਆਂ ਗਈਆਂ ਹਨ। ਉਹਨਾਂ ਕਿਸਾਨਾਂ ਨੂੰ ਗੋਭੀ ਸਰੋਂ ਦੀ ਜੀ ਐਸ ਸੀ 7 ਕਿਸਮ ਦਾ ਤੇਲ ਕਢਵਾ ਕੇ ਘਰੇਲੂ ਵਰਤੋਂ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਕੀਟ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਰੀਤ ਵਰਮਾ ਨੇ ਸਰ੍ਹੋਂ ਦੀ ਸਫ਼ਲ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਸਰੋਂ ਨੂੰ ਬਿਮਾਰੀਆਂ ਅਤੇ ਤੇਲੇ ਦੇ ਹਮਲੇ ਤੋਂ ਬਚਾਅ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ ਅਰਵਿੰਦਪੀ੍ਰਤ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਲੋੜ ਅਨੁਸਾਰ ਖੁਰਾਕੀ ਤੱਤਾਂ ਦੇ ਸਪਰੇਅ ਕਰਨ ਅਤੇ ਕਾਸ਼ਤਕਰੀ ਖਰਚੇ ਘਟਾਉਣ ਬਾਰੇ ਦੱਸਿਆ।
ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨ ਸ. ਜਸਵਿੰਦਰ ਸਿੰਘ ਨੇ ਕੈਂਪ ਵਿੱਚ ਆਏ ਹੋਏ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਨਾਲ ਜੁੜ ਕੇ ਵਿਗਿਆਨਿਕ ਖੇਤੀ ਲਈ ਗਿਆਨ ਪ੍ਰਾਪਤ ਕਰਨ ਅਤੇ ਕਿੱਤਾਮੁਖੀ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ ਸ਼ਾਮਿਲ ਹੋਏ ਕਿਸਾਨਾਂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਦੇਖਭਾਲ ਅਤੇ ਖੇਤੀ ਸਮੱਸਿਆਵਾਂ ਸੰਬੰਧੀ ਕੀਤੇ ਸਵਾਲਾਂ ਦੇ ਕੇ.ਵੀ.ਕੇ ਮਾਹਿਰਾਂ ਵੱਲੋਂ ਮੌਕੇ ਤੇ ਜਵਾਬ ਦਿੱਤੇ ਗਏ।
Tags:
Related Posts
Latest News
17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...