ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟ੍ਰਾਈਡੈਂਟ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਸ਼ੋਅ 30 ਨੂੰ; ਇਤਿਹਾਸਕ ਨਾਟਕ 'ਸਰਹਿੰਦ ਦੀ ਦੀਵਾਰ' ਦਾ ਹੋਵੇਗਾ ਮੰਚਨ
By Azad Soch
On
ਬਰਨਾਲਾ, 23 ਮਾਰਚ
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਦਰਸਾਉਂਦਾ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ ਹੋਵੇਗਾ। ਇਸ ਤੋਂ ਇਲਾਵਾ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਇਹ ਲਾਈਟ ਐਂਡ ਸਾਊਂਡ ਸ਼ੋਅ 30 ਮਾਰਚ ਦਿਨ ਐਤਵਾਰ ਸ਼ਾਮ 6:30 ਵਜੇ ਟ੍ਰਾਈਡੈਂਟ, ਰਾਏਕੋਟ ਰੋਡ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਨਾਟਕ 'ਸਰਹਿੰਦ ਦੀ ਦੀਵਾਰ' ਲਈ ਉੱਘੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਨਿਰਦੇਸ਼ਕ ਮਨਪਾਲ ਟਿਵਾਣਾ ਟੀਮ ਸਮੇਤ ਪੁੱਜ ਰਹੇ ਹਨ।
ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਦੀ ਗੱਲ ਕਰਦਾ ਹੋਇਆ ਇਤਿਹਾਸਿਕ ਨਾਟਕ 'ਸਰਹਿੰਦ ਦੀ ਦੀਵਾਰ' ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਯਾਦ ਕਰਾਉਂਦਾ ਹੈ ਜਿਨ੍ਹਾਂ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਸਗੋਂ ਹੱਕ, ਸੱਚ ਤੇ ਧਰਮ ਲਈ ਡਟੇ ਰਹੇ।
ਇਹ ਨਾਟਕ ਪਿਛਲੇ 59 ਸਾਲਾਂ ਤੋਂ ਪੂਰੇ ਭਾਰਤ ਅਤੇ ਵੱਖ ਵੱਖ ਦੇਸ਼ਾਂ ਵਿੱਚ ਸਫਲਤਾ ਪੂਰਬਕ ਖੇਡਿਆ ਜਾ ਚੁੱਕਾ ਹੈ।
ਇਸ ਮੌਕੇ ਨਾਟਕ ਦੇ ਨਿਰਦੇਸ਼ਕ ਮਨਪਾਲ ਟਿਵਾਣਾ ਨੇ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਹਾਨ ਕਲਾਕਾਰ ਜਿਨ੍ਹਾਂ ਵਿੱਚ ਮਰਹੂਮ ਓਮਪੁਰੀ ਤੋਂ ਇਲਾਵਾ ਰਾਜ ਬੱਬਰ, ਗਿਰਜਾ ਸ਼ੰਕਰ, ਨੀਨਾ ਟਿਵਾਣਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਸਮੇਂ ਸਮੇਂ ਸਿਰ ਇਸ ਨਾਟਕ ਦਾ ਹਿੱਸਾ ਰਹੇ ਹਨ। ਪਦਮ ਸ਼੍ਰੀ ਨਿਰਮਲ ਰਿਸ਼ੀ ਹੁਣ ਵੀ ਇਸ ਨਾਟਕ ਦਾ ਹਿੱਸਾ ਹੈ, ਜੋ ਕਿ ਬਰਨਾਲਾ ਵਿੱਚ ਇਸ ਨਾਟਕ ਨੂੰ ਪੇਸ਼ ਕਰਨਗੇ।
ਇਸ ਮੌਕੇ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਇਹ ਨਾਟਕ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮਰਹੂਮ ਹਰਪਾਲ ਟਿਵਾਣਾ ਵਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਪਦਮ ਵਿਭੂਸ਼ਣ ਜਗਜੀਤ ਸਿੰਘ ਵਲੋਂ ਦਿੱਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੁੱਕੜ ਨਾਟਕ ਅਤੇ ਹੋਰ ਗਤੀਵਿਧੀਆਂ ਵੀ ਕਰਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਵਾਸੀ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਸ਼ੋਅ ਲਈ ਪੁੱਜਣ।
Tags:
Related Posts
Latest News
19 Apr 2025 20:43:57
Chandigarh, 19,APRIL,2025,(Azad Soch News):- ਸ਼ਹਿਰ ਦਾ ਮੌਸਮ ਫਿਰ ਬਦਲ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਲਈ ਪੀਲਾ ਅਲਰਟ...