ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ
By Azad Soch
On
ਐੱਸ.ਏ.ਐੱਸ. ਨਗਰ 28 ਨਵੰਬਰ, 2024:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ 'ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ' ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ ਕੀਤੀ ਗਈ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐੱਸ.) ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਯੋਗ ਰਾਜ (ਮੁਖੀ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵੱਲੋਂ ਕੀਤੀ ਗਈ। ਸਮਾਗਮ ਦੇ ਪ੍ਰਮੁੱਖ ਬੁਲਾਰੇ ਉੱਘੇ ਨਾਟਕਕਾਰ ਅਤੇ ਫ਼ਿਲਮ ਲੇਖਕ ਪ੍ਰੋ. ਪਾਲੀ ਭੁਪਿੰਦਰ ਸਿੰਘ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਮਿਤੋਜ ਮਾਨ (ਫ਼ਿਲਮ ਅਭਿਨੇਤਾ, ਡਾਇਰੈਕਟਰ ਅਤੇ ਲੇਖਕ) ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਮੁੱਖ ਮਹਿਮਾਨ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਸ੍ਰੋਤਿਆਂ ਦੇ ਸਨਮੁੱਖ ਹੁੰਦਿਆਂ ਆਖਿਆ ਗਿਆ ਕਿ ਸਿਨੇਮਾ, ਸਾਹਿਤ ਅਤੇ ਭਾਸ਼ਾ ਤਿੰਨੋ ਸਮਾਜ ਦੇ ਅਨਿੱਖੜਵੇ ਅੰਗ ਹਨ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੀ ਸ਼ੁੱਧ ਵਰਤੋਂ ਕਰਦੇ ਹੋਏ ਇਸ ਨੂੰ ਹੋਰ ਪ੍ਰਫੁਲਿਤ ਕਰੀਏ। ਪੰਜਾਬੀ ਸਿਨੇਮੇ ਰਾਹੀਂ ਪੰਜਾਬੀ ਭਾਸ਼ਾ ਦਾ ਗਲੋਬਲੀ ਚਰਿੱਤਰ ਹੋਰ ਵਧੇਰੇ ਨਿੱਖਰ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਸਿਨੇਮੇ ਨੂੰ ਇੱਕ ਸਾਂਝੇ ਮੰਚ ਰਾਹੀਂ ਪ੍ਰਫੁਲਿਤ ਕਰਨ ਲਈ ਪਹਿਲ ਦੇ ਅਧਾਰ ’ਤੇ ਨੀਤੀਆਂ ਤਿਆਰ ਕਰੇਗੀ ਅਤੇ ਮਾਤ ਭਾਸ਼ਾ ਪੰਜਾਬੀ ਦਾ ਝੰਡਾ ਬੁਲੰਦ ਰੱਖਣ ਲਈ ਸਦਾ ਵਚਨਬੱਧ ਰਹੇਗੀ।
ਪ੍ਰੋ. ਯੋਗ ਰਾਜ ਨੇ ਪ੍ਰਧਾਨਗੀ ਭਾਸ਼ਣ ਵਿਚ ਆਖਿਆ ਕਿ ਪੰਜਾਬੀ ਭਾਸ਼ਾ ਅਤੇ ਸਿਨੇਮਾ ਅੰਤਰ ਸੰਬੰਧਿਤ ਹਨ। ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਸਮਾਜਿਕ ਪੱਧਰ ’ਤੇ ਜਿਹੜੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਸਿਨੇਮੇ ਦੀ ਅਹਿਮ ਭੂਮਿਕਾ ਹੈ ਕਿਉਂਕਿ ਸਿਨਮੇ ਦੀ ਪਹੁੰਚ ਹਰ ਬਾਸ਼ਿੰਦੇ ਤੱਕ ਹੁੰਦੀ ਹੈ। ਇਸ ਲਈ ਭਾਸ਼ਾ ਅਤੇ ਨਰੋਏ ਸੱਭਿਆਚਾਰ ਨੂੰ ਸਿਨੇਮੇ ਜ਼ਰੀਏ ਸਹਿਜੇ ਹੀ ਪ੍ਰਫੁਲਿਤ ਕੀਤਾ ਜਾ ਸਕਦਾ ਹੈ।
ਸਮਾਗਮ ਦੇ ਪ੍ਰਮੁੱਖ ਬੁਲਾਰੇ ਪ੍ਰੋ. ਪਾਲੀ ਭੁਪਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਅਜੋਕੇ ਸੋਸ਼ਲ ਮੀਡੀਆ ਅਤੇ ਮਸ਼ੀਨੀ ਬੁੱਧੀਮਾਨਤਾ ਅਤੇ ਨੈੱਟਫਲਿੱਕਸ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਕਈ ਚੁਣੌਤੀਆਂ ਦਰਪੇਸ਼ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਪੰਜਾਬੀ ਬੰਦੇ ਦੀ ਆਪਣੇ ਸਿਨੇਮੇ, ਸਾਹਿਤ, ਕਲਾ ਅਤੇ ਭਾਸ਼ਾ ਪ੍ਰਤੀ ਅਣਗਹਿਲੀ ਹੈ। ਪੰਜਾਬੀ ਭਾਸ਼ਾ ਲਈ ਸਾਡੇ ਅੰਦਰ ਬੈਠੀ ਹੀਣ ਭਾਵਨਾ ਨਾਲ਼ ਅਸੀਂ ਪੰਜਾਬੀ ਸਿਨੇਮੇ ਨੂੰ ਦੱਖਣੀ ਸਿਨੇਮੇ ਵਾਂਗ ਵਿਸ਼ਵ ਪੱਧਰ ਦੇ ਮੁਕਾਮ ’ਤੇ ਨਹੀਂ ਲੈ ਕੇ ਜਾ ਸਕਦੇ।
ਵਿਸ਼ੇਸ਼ ਮਹਿਮਾਨ ਅਮਿਤੋਜ ਮਾਨ ਵੱਲੋਂ ਆਖਿਆ ਗਿਆ ਕਿ ਅੱਜ ਦੇ ਸਮੇਂ ਵਿੱਚ ਸਿਨੇਮਾ ਸਭ ਤੋਂ ਵੱਡਾ ਹਥਿਆਰ ਹੈ। ਜੇ ਇਸ ਦਾ ਸਦਉਪਯੋਗ ਕੀਤਾ ਜਾਵੇ ਤਾਂ ਯੁੱਗ ਬਦਲਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨ ਵਰਗ ਦੀ ਹੈ ਕਿਉਂਕਿ ਫ਼ਿਲਮਾਂ ਦੇ ਸੰਵਾਦ ਅਤੇ ਗੀਤ ਨੌਜਵਾਨੀ ਦਾ ਤਕੀਆ-ਕਲਾਮ ਬਣਦੇ ਹਨ। ਇਸ ਲਈ ਉਨ੍ਹਾਂ ਨੂੰ ਚੰਗੇ ਸਿਨੇਮੇ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਚੰਗਾ ਸਿਨੇਮਾ ਕਿਸੇ ਖਿੱਤੇ ਦੀ ਭਾਸ਼ਾ, ਸਾਹਿਤ, ਸੱਭਿਆਚਾਰ ਦੀ ਤਸਵੀਰਕਸ਼ੀ ਕਰਨ ਦੇ ਨਾਲ਼-ਨਾਲ਼ ਉਸ ਨੂੰ ਪ੍ਰਭਾਵਿਤ ਵੀ ਕਰਦਾ ਹੈ।
ਇਸ ਸਮਾਗਮ ਮੌਕੇ ਡਾ. ਰਵਿੰਦਰ ਸਿੰਘ ਧਾਲੀਵਾਲ, ਕਾਬਲ ਸਿੰਘ, ਜਪਨੀਤ ਕੌਰ ਗਰਿਮਾ ਕੁਮਾਰੀ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਤੇਜਿੰਦਰਪਾਲ ਕੌਰ, ਨਿਮਰਤਾਜੀਤ ਕੌਰ, ਦਲਵੀਰ ਸਿੰਘ, ਕਰਮਨਦੀਪ ਕੌਰ, ਪੱਲਵੀ ਭਾਰਦਵਾਜ, ਪ੍ਰਿਯੰਕਾ ਸੈਣੀ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ,ਬਲਦੇਵ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿੱਚ ਪਹੁੰਚਣ ਲਈ ਸਮੂਹ ਸ੍ਰੋਤਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸੁਖਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
Tags:
Related Posts
Latest News
13 Dec 2025 14:43:38
New Delhi,13,DEC,2025,(Azad Soch News):- Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...


