ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ’ਤੇ ਮੰਡੀ ਬੋਰਡ ਨੇ ਸਿਰਫ ਮਲੋਟ ਦਾਣਾ ਮੰਡੀ ਵਿੱਚ ਅੱਜ ਇੱਕ ਦਿਨ ਲਈ ਅਣਵਿਕੀ ਫ਼ਸਲ ਦੀ ਖਰੀਦ ਕੀਤੀ ਸ਼ੁਰੂ
ਮਲੋਟ, 29 ਨਵੰਬਰ 2025:
ਮਲੋਟ ਹਲਕੇ ਵਿੱਚ ਫਸਲ ਦੀ ਖਰੀਦ ਨੂੰ ਲੈਕੇ ਚਲ ਰਹੇ ਵਿਵਾਦ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਲੋਟ ਦਾਣਾ ਮੰਡੀ ਵਿੱਚ ਅੱਜ ਇੱਕ ਦਿਨ ਲਈ ਅਣਵਿਕੇ ਪਰਮਲ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ, ਇਸ ਬਾਰੇ ਆਦੇਸ਼ ਮੰਡੀ ਬੋਰਡ ਦੇ ਸਕੱਤਰ ਵੱਲੋਂ ਜਾਰੀ ਕੀਤੇ ਗਏ, ਜੋ ਕਿ ਸੰਭਾਵਤ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੰਡੀ ਵਿਚ ਇੱਕ ਦਿਨ ਲਈ ਦੋਬਾਰਾ ਖਰੀਦ ਸ਼ੁਰੂ ਹੋਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਕਿਸਾਨਾਂ ਦੀ ਫਸਲ ਦੀ ਖਰੀਦ ਅਜੇ ਤੱਕ ਨਹੀਂ ਹੋਈ, ਜਦਕਿ ਸਰਕਾਰ ਦੇ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਮੰਡੀ ਵਿਚ ਖਰੀਦ 18 ਨਵੰਬਰ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਅਤੇ ਮਲੋਟ ਮੰਡੀ ਵਿੱਚ ਲੰਬੀ ਹਲਕੇ ਦੇ ਕੁੱਝ ਪਿੰਡਾਂ ਦੇ ਕਿਸਾਨਾਂ ਦੀ ਫਸਲ ਨੂੰ ਲੈਕੇ ਉੱਠੇ ਵਿਵਾਦ ਤੋਂ ਬਾਅਦ ਜਦੋਂ ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਹ ਫ਼ਸਲ ਦੇਰੀ ਨਾਲ ਆਉਣ ਅਤੇ ਨਿਯਮਾਂ ਅਨੁਸਾਰ ਮੰਡੀ ਬੰਦ ਹੋਣ ਦੇ ਚਲਦੇ ਇਹ ਖਰੀਦ ਨਹੀਂ ਹੋ ਸਕੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਅਤੇ ਅੱਜ ਸ਼ਨੀਵਾਰ ਨੂੰ ਇੱਕ ਦਿਨ ਲਈ ਮੁੱਖ ਮੰਡੀ ਵਿਚ ਪਏ ਲਗਭਗ 734.5 ਮੀਟਰਕ ਟਨ ਅਣਵਿਕੇ ਪਰਮਲ ਝੋਨੇ ਦੀ ਖਰੀਦ/ਵੇਚ ਕਾਰੋਬਾਰ ਲਈ ਮੰਡੀ ਇੱਕ ਦਿਨ ਲਈ ਖੋਲੀ ਗਈ ਹੈ।
ਡਾ. ਬਲਜੀਤ ਕੌਰ ਨੇ ਇਹ ਵੀ ਦਾਅਵਾ ਕੀਤਾ ਇਹ ਸੀਜ਼ਨ ਵਿੱਚ ਖ਼ਰੀਦ ਪ੍ਰਬੰਧ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਇਸ ਲਈ ਵਿਸ਼ੇਸ਼ ਹਦਾਇਤਾਂ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਸਨ ਅਤੇ ਇਸ ਸੀਜਨ ਦੌਰਨ ਇੱਕ- ਅੱਧੇ ਮਸਲੇ ਨੂੰ ਛੱਡ ਕੋਈ ਵੱਡੀ ਦਿੱਕਤ ਕਿਸਾਨਾਂ ਨੂੰ ਨਹੀਂ ਆਈ।


