12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਯੋਗ ਸਮਾਗਮ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, 21 ਜੂਨ ਡਾਇਰੈਕਟੋਰੇਟ ਆਫ਼ ਆਯੂਰਵੇਦਾ, ਪੰਜਾਬ ਵੱਲੋਂ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਡੈਵੀ ਗੋਇਲ ਦੀ ਪ੍ਰਧਾਨਗੀ ਵਿੱਚ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਡੈਵੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਗ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੈਲਪਲਾਈਨ ਨੰਬਰ 76694-00500 ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਮੁਹੱਲਿਆਂ ਜਾਂ ਕਾਲੋਨੀਆਂ ਵਿੱਚ ਮੁਫ਼ਤ ਯੋਗ ਕਲਾਸਾਂ ਸ਼ੁਰੂ ਕਰਵਾਉਣ ਲਈ ਇਸ ਨੰਬਰ ’ਤੇ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ https://cmdiyogshala.punjab.gov.in/ ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ 25 ਵਿਅਕਤੀਆਂ ਦਾ ਸਮੂਹ ਤਿਆਰ ਹੋਵੇ ਤਾਂ ਮਾਹਿਰ ਯੋਗ ਟ੍ਰੇਨਰ ਖੁੱਲ੍ਹੇ ਪਾਰਕਾਂ ਅਤੇ ਹੋਰ ਸਰਵਜਨਿਕ ਸਥਾਨਾਂ ’ਤੇ ਮੁਫ਼ਤ ਯੋਗ ਕਲਾਸਾਂ ਲਗਾਉਣਗੇ। ਉਨ੍ਹਾਂ ਯੋਗ ਦਿਵਸ ਮੌਕੇ ਸ਼ਮੂਲੀਅਤ ਕਰਨ ਵਾਲੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਐਸ.ਡੀ.ਐਮ. ਮਲੋਟ ਸ਼੍ਰੀ ਪੰਕਜ ਕੁਮਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਯੋਗ ਨੂੰ ਸਾਲ ਭਰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਉਨ੍ਹਾਂ ਲੋਕਾਂ ਨੂੰ ਯੋਗ ਅਪਣਾਉਣ ਅਤੇ ਸਿਹਤਮੰਦ ਜੀਵਨ-ਸ਼ੈਲੀ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਾ. ਸ਼ਿਲਪਾ ਅਤੇ ਡਾ. ਮੋਨਿਕਾ ਵੱਲੋਂ ਵੱਖ-ਵੱਖ ਯੋਗ ਅਭਿਆਸ ਕਰਵਾਏ ਗਏ। ਭਾਗੀਦਾਰਾਂ ਨੂੰ ਸਰੀਰ ਨੂੰ ਚੁਸਤ-ਦੁਰੁਸਤ ਰੱਖਣ ਲਈ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ ਅਤੇ ਪਵਨ ਮੁਕਤ ਆਸਨ ਆਦਿ ਦਾ ਅਭਿਆਸ ਕਰਵਾਇਆ ਗਿਆ। ਇਸ ਤੋਂ ਬਾਅਦ ਪ੍ਰਾਣਾਯਾਮ ਅਤੇ ਧਿਆਨ ਵੀ ਕਰਵਾਇਆ ਗਿਆ।
ਇਸ ਤੋਂ ਇਲਾਵਾ ਮਿਮਟ ਪਾਰਕ ਮਲੋਟ, ਧੀਰ ਮਿਉੰਸਪਲ ਪਾਰਕ ਗਿੱਦੜਬਾਹਾ ਅਤੇ ਲੰਬੀ ਹਲਕੇ ਵਿਚ ਗੁਰੂ ਨਾਨਕ ਦੇਵ ਜੀ ਕਾਲਜ ਕਿਲਿਆਂਵਾਲੀ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਮਾਹਿਰਾਂ ਵਲੋਂ ਵੱਖ-ਵੱਖ ਯੋਗ ਅਭਿਆਸ ਕਰਵਾਏ ਗਏ ਅਤੇ ਲੋਕਾਂ ਨੂੰ ਯੋਗ ਅਪਣਾਉਣ ਅਤੇ ਸਿਹਤਮੰਦ ਜੀਵਨ-ਸ਼ੈਲੀ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪ੍ਰਸ਼ਾਸਨ ਵੱਲੋਂ ਸਮਾਗਮ ਦੌਰਾਨ ਪੌਦੇ ਵੀ ਵੰਡੇ ਗਏ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਡਾ. ਨਰੇਸ਼ ਪਰੂਥੀ, ਆਜ਼ਾਦ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਯੋਗਾ, ਸਤਵਿੰਦਰ ਸਿੰਘ, ਸਮੂਹ ਆਯੁਰਵੈਦਿਕ ਡਾਕਟਰ, ਉਪ ਵੈਦ, ਯੋਗਾ ਟ੍ਰੇਨਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।
