ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜੀ. ਐਨ .ਐਮ. ਸੀਨੀਅਰ ਸੈਕੈਂਡਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ
By Azad Soch
On
ਰੂਪਨਗਰ, 22 ਮਾਰਚ: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜੀ.ਐਨ. ਐਮ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ਅਤੇ 'ਤੰਦਰੁਸਤ ਮੂੰਹ, ਖੁਸ਼ਹਾਲ ਜ਼ਿੰਦਗੀ' ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੰਡੇ ਗਏ। ਇਸ ਤੋਂ ਇਲਾਵਾ ਦੰਦਾਂ ਦੀ ਜਾਂਚ ਕੈਂਪ ਲਗਾਇਆ ਗਿਆ ਅਤੇ 149 ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਇਲਾਜ ਲਈ ਮਾਰਗਦਰਸ਼ਨ ਕੀਤਾ ਗਿਆ।
ਇਸ ਮੌਕੇ ਐਮਡੀਐਸ (ਪੀਡੀਆਟ੍ਰਿਕ ਅਤੇ ਪ੍ਰੀਵੈਂਟਿਵ ਡੈਂਟਿਸਟਰੀ) ਡਾ. ਰਿੱਕੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਆਪਣੇ ਦੰਦਾਂ ਦੀ ਅਤੇ ਮੂੰਹ ਦੀ ਸਫਾਈ ਅਤੇ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੂੰਹ ਅਤੇ ਦੰਦਾਂ ਦੀ ਸਫਾਈ ਨਾ ਕਰਨ ਕਾਰਣ ਦੰਦਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿਸ ਕਾਰਨ ਆਮ ਜੀਵਨ ਵਿੱਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਾ. ਰਿੱਕੀ ਨੇ ਕਿਹਾ ਕਿ ਸਭ ਨੂੰ ਇੱਕ ਦਿਨ ਵਿੱਚ ਦੋ ਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰੇ ਬੁਰਸ਼ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾ ਸਹੀ ਬੁਰਸ਼ ਕਰਨ ਦੇ ਤਰੀਕੇ ਦੱਸਦੇ ਹੋਏ ਕਿਹਾ ਕਿ ਟੂਥ ਬੁਰਸ਼ ਨੂੰ ਦੰਦਾ ਦੀ ਜੜ੍ਹ ਦੇ ਬਰਾਬਰ 45 ਡਿਗਰੀ ਤੇ ਰੱਖ ਕੇ ਉਪਰਲੇ ਦੰਦਾਂ ਲਈ ਉਪਰ ਤੋਂ ਹੇਠਾਂ ਵੱਲ ਅਤੇ ਹੇਠਲੇ ਦੰਦਾਂ ਲਈ ਹੇਠਾਂ ਤੋਂ ਉਪਰ ਵੱਲ ਨੂੰ ਸਫਾਈ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੀ ਸਫਾਈ ਅੰਦਰਲੇ ਪਾਸੇ ਤੋਂ ਅਤੇ ਚਬਾਉਣ ਵਾਲੇ ਹਿੱਸੇ ਦੀ ਵੀ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਮੇਸ਼ਾ ਨਰਮ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਵੀ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ “ਵਿਸ਼ਵ ਓਰਲ ਹੈਲਥ ਦਿਵਸ ਦੇ ਇਸ ਸਾਲ ਦੇ ਥੀਮ 'ਤੰਦਰੁਸਤ ਮੂੰਹ, ਖੁਸ਼ਹਾਲ ਜ਼ਿੰਦਗੀ' ਦਾ ਉਦੇਸ਼ ਲੋਕਾਂ ਨੂੰ ਚੰਗੀ ਮੌਖਿਕ ਸਿਹਤ ਨੂੰ ਸੁਰੱਖਿਅਤ ਕਰਨ ਲਈ ਗਿਆਨ, ਸਾਧਨਾਂ ਅਤੇ ਵਿਸ਼ਵਾਸ ਨਾਲ ਸਸ਼ਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਦੰਦਾਂ ਦੀ ਸਿਹਤ ਸੰਭਾਲ ਵੀ ਉਨੀ ਹੀ ਜ਼ਰੂਰੀ ਹੰਦੀ ਹੈ ਜਿਨ੍ਹਾਂ ਕੀ ਸਰੀਰ ਦੇ ਬਾਕੀ ਅੰਗਾਂ ਦੀ ਕਿਉਂਕਿ ਦੰਦਾਂ ਨਾਲ ਬੋਲੇ ਗਏ ਬੋਲਾ ਦਾ ਸਹੀ ਉਚਾਰਨ ਹੁੰਦਾ ਹੈ ਤੇ ਵਿਅਕਤੀ ਵੀ ਸੋਹਣਾ ਦਿੱਖਦਾ ਹੈ। ਸਿਹਤਮੰਦ ਦੰਦ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਬਹੁਤ ਹੀ ਜਰੂਰੀ ਹਨ। ਇਸੇ ਤਰ੍ਹਾਂ ਦੰਦਾਂ ਦੇ ਮਸੂੜਿਆਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰਾਂ ਜਕੜ ਕੇ ਰੱਖ ਸਕਣ। ਬੁਰਸ਼ ਕਰਨ ਵੇਲੇ ਦੰਦ ਪੇਸਟ ਨੂੰ ਘੱਟੋ-ਘੱਟ 10 ਮਿੰਟ ਲਗੇ ਰਹਿਣ ਦਿਓ ਤਾਂ ਕਿ ਉਸਨੂੰ ਐਕਸ਼ਨ ਕਰਨ ਦਾ ਸਮਾਂ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਜੇਕਰ 1 ਤੋ 2 ਮਿੰਟ ਤਕ ਬੁਰਸ਼ ਕੀਤਾ ਜਾਵੇ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਮਸੂੜਿਆਂ ਵਿੱਚ ਸੋਜ਼ਸ਼ ਅਤੇ ਬੁਰਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ। ਉਨ੍ਹਾਂ ਦੱਸਿਆ ਜੇਕਰ ਦੰਦਾਂ ਦੀ ਸਖਤ ਪੀਲੀ ਪਾਪੜੀ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਇਸ ਲਈ ਸਾਨੂੰ ਦੰਦਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
Related Posts
Latest News
22 Mar 2026 20:34:37
ਸੰਗਰੂਰ, 22 ਮਾਰਚਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਆਰਾ ਮਾਰਕਿਟ, ਪ੍ਰਤਾਪ ਨਗਰ...

