'ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ : ਵਿਧਾਇਕ ਦਹੀਯਾ
ਵਿਧਾਇਕ ਦਹੀਯਾ ਨੇ ਕੀਤੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ
'ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ : ਵਿਧਾਇਕ ਦਹੀਯਾ
ਫਿਰੋਜ਼ਪੁਰ, 22 ਮਈ 2025 ( ਸੁਖਵਿੰਦਰ ਸਿੰਘ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਵੱਲੋਂ ਹਲਕੇ ਦੇ ਸਰਕਾਰੀ ਪ੍ਰਾਇਮਰੀ /ਮਿਡਲ ਸਕੂਲ ਭਾਂਗਰ, ਸਰਕਾਰੀ ਪ੍ਰਾਇਮਰੀ ਸਕੂਲ ਰੱਤਾ ਖੇੜਾ ਪੰਜਾਬ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ /ਮਿਡਲ ਸਕੂਲ ਢੀਂਡਸਾ, ਸਰਕਾਰੀ ਪ੍ਰਾਇਮਰੀ /ਹਾਈ ਸਕੂਲ ਉੱਗੋਕੇ ਸਕੂਲਾਂ ਦੇ ਵਿਕਾਸ ਕਾਰਜਾਂ ਨੂੰ ਲੋਕ-ਅਰਪਿਤ ਕਰਨ ਮੌਕੇ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀਮਤੀ ਮੁਨੀਲਾ ਅਰੋੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏਵਾਲਾ ਸ਼੍ਰੀਮਤੀ ਦਲਜੀਤ ਕੌਰ ਹਾਜ਼ਰ ਸਨ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਿੱਖਿਆ ਨੂੰ ਸਰਬੋਤਮ ਬਣਾਉਣ ਦੇ ਹਰ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਤਸੱਲੀ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਰਕਾਰੀ ਸਕੂਲਾਂ ਉੱਤੇ ਭਰੋਸਾ ਦਿਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਨੂੰ ਤਰਜੀਹ ਦੇਣ ਲੱਗ ਪਏ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਵਿੱਚ ਉੱਚ ਪੱਧਰੀ ਸੁਧਾਰ ਕਰਨ ਲਈ ਠੋਸ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਭੇਜਣਾ ਆਮ ਲੋਕਾਂ ਦੀ ਮਜਬੂਰੀ ਸੀ ਪਰ ਹੁਣ ਸਿੱਖਿਆ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਹੁਣ ਆਮ ਲੋਕ ਆਪਣੀ ਇੱਛਾ ਨਾਲ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ।
ਇਸ ਮੌਕੇ ਪਲਵਿੰਦਰ ਸਿੰਘ ਬਰਾੜ ਹਲਕਾ ਕੋਆਰਡੀਨੇਟਰ ਸਿੱਖਿਆ ਫ਼ਿਰੋਜ਼ਪੁਰ ਦਿਹਾਤੀ , ਤਲਵਿੰਦਰ ਸਿੰਘ ਖਾਲਸਾ ਕੋਆਰਡੀਨੇਟਰ ਫ਼ਿਰੋਜ਼ਪੁਰ ਦਿਹਾਤੀ ਵਿਭਾਗ, ਹਰੀਸ਼ ਕੁਮਾਰ ਬਾਂਸਲ, ਇੰਦਰਜੀਤ ਸਿੰਘ ਖਾਲਸਾ, ਸੁਖਦੀਪ ਸਿੰਘ ਸਰਪੰਚ ਉਗੋਕੇ, ਕੁਲਦੀਪ ਸਿੰਘ ਸਰਪੰਚ ਢੀਡਸਾ, ਦਵਿੰਦਰ ਸਿੰਘ ਸਰਪੰਚ ਰੱਤਾ ਖੇੜਾ ਪੰਜਾਬ ਸਿੰਘ ਵਾਲਾ, ਰਵਿੰਦਰ ਸਿੰਘ ਢਿੱਲੋ, ਜਸਵਿੰਦਰ ਸਿੰਘ ਢਿੱਲੋ, ਰਜਿੰਦਰ ਸਿੰਘ ਸਰਪੰਚ ਵਲੂਰ, ਹਰਨੇਕ ਸਿੰਘ ਸਰਪੰਚ ਗਡੋਡੂ, ਗੁਰਜੰਟ ਸਿੰਘ ਸਰਪੰਚ ਨਾਜੂ ਸ਼ਾਹ, ਕਰਵਿੰਦਰ ਸਿੰਘ ਸਰਪੰਚ ਮਿਸ਼ਰੀ ਵਾਲਾ, ਮਹਿਲ ਸਿੰਘ ਭਾਂਗਰ ਸਟੇਟ ਅਵਾਰਡੀ, ਸੰਜੀਵ ਗੁਪਤਾ, ਸੁਖਜਿੰਦਰ ਸਿੰਘ ਖਾਨਪੁਰੀਆ, ਅਮਰਿੰਦਰ ਕੌਰ, ਚਰਨਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਪਿੰਡਾਂ ਦੇ ਪੰਚ ਅਤੇ ਹੋਰ ਆਗੂ ਸਾਹਿਬਾਨ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।