ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ'

ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ'

*ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ'*

*ਪਾਰਟੀ ਵਿ੍ਪ ਦੇ ਖਿਲਾਫ ਜਾਣ 'ਤੇ ਰਾਘਵ ਚੱਢਾ 'ਤੇ ਕਾਰਵਾਈ ਹੋਈ, ਅਜਿਹੇ ਬਦਲਾਅ ਸਾਰੀਆਂ ਪਾਰਟੀਆਂ ਕਰਦੀਆਂ ਹਨ - ਭਗਵੰਤ ਸਿੰਘ ਮਾਨ*

*ਕੇਜਰੀਵਾਲ ਨੇ ਸਾਨੂੰ ਨਿਡਰਤਾ ਨਾਲ ਲੜਨਾ ਸਿਖਾਇਆ ਹੈ, ਪਰ ਰਾਘਵ ਚੱਢਾ ਪਾਰਟੀ ਅਤੇ ਪੰਜਾਬ ਸਮੇਤ ਸਾਰੇ ਜ਼ਰੂਰੀ ਮੁੱਦਿਆਂ 'ਤੇ ਚੁੱਪ ਰਹੇ - ਸੰਜੇ ਸਿੰਘ*

*ਲੰਬੇ ਸਮੇਂ ਤੋਂ ਰਾਘਵ ਚੱਢਾ ਨੇ ਪੀਐਮ ਮੋਦੀ ਜਾਂ ਭਾਜਪਾ ਸਰਕਾਰ ਤੋਂ ਸਵਾਲ ਨਹੀਂ ਪੁੱਛਿਆ, ਅਜਿਹੀ ਡਰ ਦੀ ਰਾਜਨੀਤੀ ਕਿਵੇਂ ਚੱਲੇਗੀ? - ਸੌਰਭ ਭਾਰਦਵਾਜ*

ਜਦੋਂ ਕੇਜਰੀਵਾਲ ਗ੍ਰਿਫਤਾਰ ਹੋਏ ਅਤੇ ‘ਆਪ’ ਵਰਕਰ ਸੜਕਾਂ 'ਤੇ ਲਾਠੀਆਂ ਖਾ ਰਹੇ ਸਨ, ਉਦੋਂ ਵੀ ਰਾਘਵ ਚੱਢਾ ਮੋਦੀ ਜੀ ਦੇ ਡਰੋਂ ਚੁੱਪ ਸਨ - ਆਤਿਸ਼ੀ

*ਪਿਛਲੇ ਕੁਝ ਸਾਲਾਂ ਤੋਂ ਰਾਘਵ ਚੱਢਾ ਮੋਦੀ ਜੀ ਵਿਰੁੱਧ ਬੋਲਣ ਤੋਂ ਘਬਰਾ ਰਹੇ ਹਨ, ਦੇਸ਼ ਲਈ ਕੀ ਲੜਨਗੇ? - ਅਨੁਰਾਗ ਢਾਂਡਾ*

*ਨਵੀਂ ਦਿੱਲੀ, 03 ਅਪ੍ਰੈਲ 2026* ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਨੂੰ ਇੱਕ ਆਮ ਕਾਰਵਾਈ ਦੱਸਦਿਆਂ ਉਨ੍ਹਾਂ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਪਾਰਟੀ ਨੇ ਰਾਘਵ ਚੱਢਾ ਨੂੰ ਪੁੱਛਿਆ ਹੈ ਕਿ ਉਹ ਦੇਸ਼ ਅਤੇ ਪਾਰਟੀ ਨਾਲ ਜੁੜੇ ਮੁੱਦਿਆਂ 'ਤੇ ਭਾਜਪਾ ਜਾਂ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? ਉਹ ਲਗਾਤਾਰ ਪਾਰਟੀ ਲਾਈਨ ਦੇ ਖਿਲਾਫ ਕੰਮ ਕਰ ਰਹੇ ਸਨ। ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਦੇ ਪ੍ਰਸਤਾਵ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰਨ ਅਤੇ ਐਲਪੀਜੀ ਸੰਕਟ 'ਤੇ ਸਦਨ ਵਿੱਚ ਬੋਲਣ ਤੋਂ ਇਨਕਾਰ ਕਰਨ ਸਮੇਤ ਕਈ ਵਾਰ ਰਾਘਵ ਚੱਢਾ ਨੇ ਪਾਰਟੀ ਵਿ੍ਪ ਦੀ ਉਲੰਘਣਾ ਕੀਤੀ। ਲੰਬੇ ਸਮੇਂ ਤੋਂ ਰਾਘਵ ਚੱਢਾ ਨੇ ਸੰਸਦ ਵਿੱਚ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਜਿਸ ਵਿੱਚ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਹੋਣ। ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਸਭ ਨੂੰ ਨਿਡਰਤਾ ਅਤੇ ਹਿੰਮਤ ਨਾਲ ਲੜਨਾ ਸਿਖਾਇਆ ਹੈ, ਪਰ ਰਾਘਵ ਚੱਢਾ ਭਾਜਪਾ ਅਤੇ ਮੋਦੀ ਸਰਕਾਰ ਤੋਂ ਸਵਾਲ ਕਰਨ ਤੋਂ ਡਰ ਰਹੇ ਹਨ। ਅਜਿਹੀ ਡਰ ਦੀ ਰਾਜਨੀਤੀ ਕਿਵੇਂ ਚੱਲੇਗੀ?

ਭਗਵੰਤ ਸਿੰਘ ਮਾਨ ਨੇ ਰਾਘਵ ਚੱਢਾ ਦੇ ਮੁੱਦੇ 'ਤੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ। ਪਾਰਟੀਆਂ ਅਜਿਹੇ ਫੈਸਲੇ ਲੈਂਦੀਆਂ ਰਹਿੰਦੀਆਂ ਹਨ ਅਤੇ ਸੰਸਦ ਵਿੱਚ ਆਪਣੇ ਨੇਤਾ ਅਤੇ ਉਪ-ਨੇਤਾ ਬਦਲਦੀਆਂ ਰਹਿੰਦੀਆਂ ਹਨ। ਜਦੋਂ ਮੈਂ ਪਹਿਲੀ ਵਾਰ ਚੋਣ ਜਿੱਤੀ ਸੀ, ਉਸ ਸਮੇਂ ਪਾਰਟੀ ਨੇ ਡਾ. ਗਾਂਧੀ ਨੂੰ ਨੇਤਾ ਬਣਾਇਆ ਸੀ। ਕੁਝ ਸਮੇਂ ਬਾਅਦ ਮੈਂ ਵੀ ਪਾਰਲੀਮੈਂਟ ਬੋਰਡ ਦਾ ਨੇਤਾ ਬਣਿਆ। ਇਹ ਪਾਰਟੀ ਦਾ ਫੈਸਲਾ ਹੈ ਅਤੇ ਅਜਿਹੇ ਛੋਟੇ-ਛੋਟੇ ਫੈਸਲੇ ਹੁੰਦੇ ਰਹਿੰਦੇ ਹਨ। ਕਈ ਵਾਰ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਮਤ ਹੋ ਕੇ ਫੈਸਲਾ ਲੈਣਾ ਪੈਂਦਾ ਹੈ, ਜਿਵੇਂ ਕਿ ਸਦਨ ਤੋਂ ਵਾਕਆਊਟ ਕਰਨਾ ਜਾਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ। ਜੇਕਰ ਕੋਈ ਵਿਅਕਤੀ ਇਹਨਾਂ ਸਮੂਹਿਕ ਫੈਸਲਿਆਂ ਦਾ ਸਮਰਥਨ ਨਹੀਂ ਕਰਦਾ ਅਤੇ ਪਾਰਟੀ ਲਾਈਨ ਦੇ ਉਲਟ ਜਾਂਦਾ ਹੈ, ਤਾਂ ਉਹ ਪਾਰਟੀ ਵਿ੍ਪ ਦੇ ਖਿਲਾਫ ਹੈ। ਜੋ ਵੀ ਪਾਰਟੀ ਵਿ੍ਪ ਦੇ ਖਿਲਾਫ ਜਾਵੇਗਾ, ਉਸ 'ਤੇ ਕਾਰਵਾਈ ਹੋਵੇਗੀ।

‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ ਅਤੇ ਅਸੀਂ ਅਰਵਿੰਦ ਕੇਜਰੀਵਾਲ ਤੋਂ ਇੱਕੋ ਗੱਲ ਸਿੱਖੀ ਹੈ - ਨਿਡਰਤਾ, ਹਿੰਮਤ ਅਤੇ ਸਾਹਸ ਨਾਲ ਲੜਨਾ ਅਤੇ ਸੰਘਰਸ਼ ਕਰਨਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਦੇ ਕਈ ਮੁੱਦਿਆਂ 'ਤੇ ਜਦੋਂ ਮੁੱਖ ਚੋਣ ਕਮਿਸ਼ਨਰ ਵਿਰੁੱਧ ਪ੍ਰਸਤਾਵ ਆਉਂਦਾ ਹੈ, ਤਾਂ ਰਾਘਵ ਚੱਢਾ ਉਸ 'ਤੇ ਹਸਤਾਖਰ ਨਹੀਂ ਕਰਦੇ। ਪੱਛਮੀ ਬੰਗਾਲ ਵਿੱਚ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਖੋਹੇ ਜਾ ਰਹੇ ਹਨ। ਦਿੱਲੀ ਵਿੱਚ ਅਸੀਂ ਦੇਖਿਆ ਕਿ ਚੋਣ ਕਮਿਸ਼ਨ ਦੀ ਦੁਰਵਰਤੋਂ ਕਿਵੇਂ ਹੋਈ। ਜਦੋਂ ਪੰਜਾਬ ਦਾ ਮੁੱਦਾ ਹੁੰਦਾ ਹੈ, ਤਾਂ ਉਹ ਉਸ ਸਮੇਂ ਖਾਮੋਸ਼ ਰਹਿੰਦੇ ਹਨ, ਕੁਝ ਨਹੀਂ ਬੋਲਦੇ। ਉਹ ਪ੍ਰਧਾਨ ਮੰਤਰੀ ਮੋਦੀ ਖਿਲਾਫ ਆਵਾਜ਼ ਨਹੀਂ ਉਠਾਉਂਦੇ।

ਸੰਜੇ ਸਿੰਘ ਨੇ ਅੱਗੇ ਕਿਹਾ ਕਿ ਜਨਹਿਤ ਨਾਲ ਜੁੜੇ ਮੁੱਦੇ, ਜੋ ਦੇਸ਼, ਆਮ ਆਦਮੀ ਪਾਰਟੀ ਅਤੇ ਪਾਰਟੀ ਵਰਕਰਾਂ ਨਾਲ ਜੁੜੇ ਹੋਏ ਹਨ, ਉਨ੍ਹਾਂ 'ਤੇ ਰਾਘਵ ਚੱਢਾ ਚੁੱਪ ਰਹਿੰਦੇ ਹਨ। ਗੁਜਰਾਤ ਵਿੱਚ ‘ਆਪ’ ਵਰਕਰਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਉਹ ਉਸ ‘ਤੇ ਨਹੀਂ ਬੋਲਦੇ। ਮੋਦੀ ਸਰਕਾਰ ਪੰਜਾਬ ਦੇ ਤਮਾਮ ਅਧਿਕਾਰ ਖੋਹਣ ਦਾ ਕੰਮ ਕਰਦੀ ਹੈ, ਉਸ ‘ਤੇ ਵੀ ਉਹ ਕੁਝ ਨਹੀਂ ਬੋਲਦੇ। ਜਦੋਂ ਬਹੁਤ ਸਾਰੇ ਮੁੱਦਿਆਂ 'ਤੇ ਸਦਨ ਤੋਂ ਵਾਕਆਊਟ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਵਾਕਆਊਟ ਨਹੀਂ ਕਰਦੇ। ਇਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਜਵਾਬ ਦੇਸ਼ ਅਤੇ ਜਨਤਾ ਰਾਘਵ ਚੱਢਾ ਤੋਂ ਚਾਹੁੰਦੀ ਹੈ।

ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਰਾਘਵ ਚੱਢਾ ਨੂੰ ਕਿਹਾ ਕਿ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ ਅਤੇ ਅਸੀਂ ਇੱਕੋ ਗੱਲ ਸਿੱਖੀ ਹੈ ਕਿ "ਜੋ ਡਰ ਗਿਆ, ਸਮਝੋ ਮਰ ਗਿਆ।" ਅਸੀਂ ਸਾਰਿਆਂ ਨੇ ਸਰਕਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਨਤਾ ਦੇ ਮੁੱਦੇ ਚੁੱਕਣੇ ਸੀ। ਪਿਛਲੇ ਕੁਝ ਦਿਨਾਂ ਵਿੱਚ ਅਸੀਂ ਦੇਖਿਆ ਹੈ ਕਿ ਜੋ ਵੀ ਵਿਅਕਤੀ ਸਰਕਾਰ ਵਿਰੁੱਧ ਗੰਭੀਰ ਮੁੱਦੇ ਚੁੱਕਦਾ ਹੈ, ਸਰਕਾਰ ਤੋਂ ਸਵਾਲ ਪੁੱਛਦਾ ਹੈ ਅਤੇ ਲੋਕਾਂ ਦੀ ਗੱਲ ਕਰਦਾ ਹੈ, ਸਰਕਾਰ ਇੱਕ ਤਾਨਾਸ਼ਾਹ ਵਾਂਗ ਉਸਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੈਨ ਕਰ ਰਹੀ ਹੈ। ਚਾਹੇ ਉਹ ਐਕਸ (ਟਵਿੱਟਰ) ਹੋਵੇ, ਫੇਸਬੁੱਕ ਹੋਵੇ ਜਾਂ ਯੂਟਿਊਬ, ਹਰ ਜਗ੍ਹਾ ਬੈਨ ਕੀਤਾ ਜਾ ਰਿਹਾ ਹੈ। ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਮੁਕੱਦਮੇ ਚਲਾਏ ਜਾ ਰਹੇ ਹਨ।

 

 ਸੌਰਭ ਭਾਰਦਵਾਜ ਨੇ ਕਿਹਾ ਕਿ ਸਰਕਾਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਸੰਸਦ ਵਿੱਚ ਆਪਣਾ 'ਸੌਫਟ ਪੀਆਰ' ਕਰੇ। ਸੰਸਦ ਵਿੱਚ ਇੱਕ ਛੋਟੀ ਜਿਹੀ ਪਾਰਟੀ ਕੋਲ ਬਹੁਤ ਸੀਮਤ ਸਮਾਂ ਹੁੰਦਾ ਹੈ। ਉਸ ਵਿੱਚ ਜੇਕਰ ਕੋਈ ਸਮੋਸਿਆਂ ਦੀ ਗੱਲ ਕਰ ਰਿਹਾ ਹੈ, ਤਾਂ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਦੇਸ਼ ਦੇ ਵੱਡੇ ਮੁੱਦਿਆਂ ਨੂੰ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਹਰ ਸੂਬੇ ਵਿੱਚ ਅਸੀਂ ਦੇਖਿਆ ਹੈ ਕਿ ਚੋਣਾਂ ਤੋਂ ਪਹਿਲਾਂ ਸਹੀ ਲੋਕਾਂ ਦੀਆਂ ਵੋਟਾਂ ਕੱਟੀਆਂ ਜਾਂਦੀਆਂ ਹਨ ਅਤੇ ਜਾਅਲੀ ਵੋਟਾਂ ਬਣਾ ਕੇ ਸਰਕਾਰ ਪੂਰੀ ਬੇਈਮਾਨੀ ਨਾਲ ਸਿਸਟਮ 'ਤੇ ਕਬਜ਼ਾ ਕਰਕੇ ਚੋਣਾਂ ਜਿੱਤ ਰਹੀ ਹੈ। ਪੱਛਮੀ ਬੰਗਾਲ ਵਿੱਚ ਵੀ ਇਹੀ ਹੋ ਰਿਹਾ ਹੈ।

ਸੌਰਭ ਭਾਰਦਵਾਜ ਨੇ ਕਿਹਾ ਕਿ ਹੁਣੇ ਹੀ ਸਾਰੀਆਂ ਵਿਰੋਧੀ ਪਾਰਟੀਆਂ ਮੁੱਖ ਚੋਣ ਕਮਿਸ਼ਨਰ 'ਤੇ ਮਹਾਂਦੋਸ਼ ਚਲਾਉਣ ਲਈ ਪ੍ਰਸਤਾਵ ਲਿਆਉਣਾ ਚਾਹੁੰਦੀਆਂ ਸਨ, ਪਰ ਤੁਸੀਂ (ਰਾਘਵ ਚੱਢਾ) ਉਸ 'ਤੇ ਹਸਤਾਖਰ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦੋਂ ਵੀ ਅਜਿਹਾ ਕੋਈ ਮੁੱਦਾ ਆਉਂਦਾ ਹੈ ਜਿਸ 'ਤੇ ਵਿਰੋਧੀ ਧਿਰ ਵਾਕਆਊਟ ਕਰਦੀ ਹੈ, ਤਾਂ ਤੁਸੀਂ ਵਾਕਆਊਟ ਨਹੀਂ ਕਰਦੇ। ਪਿਛਲੇ ਕਾਫੀ ਸਮੇਂ ਤੋਂ ਮੈਂ ਦੇਖਿਆ ਹੈ ਕਿ ਤੁਸੀਂ ਸਦਨ ਵਿੱਚ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਸਰਕਾਰ ਤੋਂ ਕੋਈ ਸਵਾਲ ਪੁੱਛਿਆ ਗਿਆ ਹੋਵੇ। ਅਜਿਹੀ ਡਰ ਦੀ ਰਾਜਨੀਤੀ ਕਿਵੇਂ ਚੱਲੇਗੀ?

ਸੌਰਭ ਭਾਰਦਵਾਜ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਮੁੱਦੇ ਉਠਾਉਣੇ ਹਨ। ਜਿੱਥੋਂ ਤੁਸੀਂ ਚੁਣ ਕੇ ਆਏ ਹੋ, ਤੁਸੀਂ ਉਹਨਾਂ ਮੁੱਦਿਆਂ ਨੂੰ ਉਠਾਉਣ ਤੋਂ ਵੀ ਘਬਰਾਉਂਦੇ ਹੋ। ਹਾਲ ਹੀ ਵਿੱਚ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਕਰੀਬ 160 ਵਰਕਰਾਂ 'ਤੇ ਝੂਠੇ ਕੇਸਾਂ ਤਹਿਤ ਐਫਆਈਆਰ ਦਰਜ ਕੀਤੀ ਗਈ, ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਤੁਸੀਂ ਉਸ 'ਤੇ ਵੀ ਚੁੱਪ ਰਹੇ। ਆਮ ਆਦਮੀ ਪਾਰਟੀ ਦੇ ਕਈ ਆਗੂ ਜੇਲ੍ਹ ਵਿੱਚ ਸਨ। ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਸਰਕਾਰ ਨੇ ਇੱਕ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ, ਉਸ ਸਮੇਂ ਵੀ ਤੁਸੀਂ ਦੇਸ਼ ਵਿੱਚ ਨਹੀਂ ਸੀ ਅਤੇ ਕਿਤੇ ਜਾ ਕੇ ਲੁਕ ਗਏ ਸੀ।

ਸੌਰਭ ਭਾਰਦਵਾਜ ਨੇ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੇਸ਼ ਲਈ ਅਸਲੀ ਮੁੱਦੇ ਸਾਨੂੰ ਨਿਡਰਤਾ ਅਤੇ ਹਿੰਮਤ ਨਾਲ ਉਠਾਉਣੇ ਪੈਣਗੇ। ਭਾਜਪਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁੱਦੇ ਉਠਾਉਣੇ ਪੈਣਗੇ। ਨਹੀਂ ਤਾਂ ਤੁਹਾਡੇ ਇਹਨਾਂ ਸੌਫਟ ਮੁੱਦਿਆਂ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਸਗੋਂ ਭਾਜਪਾ ਤਾਂ ਵੀਰਵਾਰ ਤੋਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਸਪੋਰਟ ਕਰ ਰਹੀ ਹੈ। ਤੁਸੀਂ ਇਸ ਬਾਰੇ ਸੋਚਿਓ ਅਤੇ ਦੇਖਿਓ ਕਿ ਤੁਸੀਂ ਕਿੱਥੋਂ ਚੱਲੇ ਸੀ ਅਤੇ ਕਿੱਥੇ ਆ ਗਏ ਹੋ। ਦੇਸ਼ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਤੁਸੀਂ ਕਿਵੇਂ ਬਿਹਤਰ ਕਰ ਸਕਦੇ ਹੋ।

ਦੂਜੇ ਪਾਸੇ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਰਾਘਵ ਚੱਢਾ ਤੋਂ ਸਵਾਲ ਕਰਦਿਆਂ ਕਿਹਾ ਕਿ ਉਹ ਭਾਜਪਾ ਤੋਂ ਇੰਨਾ ਕਿਉਂ ਡਰਦੇ ਹਨ? ਉਹ ਭਾਜਪਾ 'ਤੇ ਸਵਾਲ ਚੁੱਕਣ ਤੋਂ ਕਿਉਂ ਡਰਦੇ ਹਨ? ਉਹ ਮੋਦੀ ਜੀ ਤੋਂ ਸਵਾਲ ਪੁੱਛਣ ਤੋਂ ਕਿਉਂ ਡਰਦੇ ਹਨ? ਅੱਜ ਸਾਡਾ ਦੇਸ਼ ਬਹੁਤ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ 'ਤੇ ਖਤਰਾ ਮੰਡਰਾ ਰਿਹਾ ਹੈ। ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਪੱਛਮੀ ਬੰਗਾਲ ਦੀ ਚੋਣ ਚੋਰੀ ਕੀਤੀ ਜਾ ਰਹੀ ਹੈ, ਪਰ ਉਹ ਉਸ 'ਤੇ ਸਵਾਲ ਨਹੀਂ ਉਠਾ ਰਹੇ। ਉਹ ਉਸ 'ਤੇ ਬੋਲਣ ਤੋਂ ਡਰ ਰਹੇ ਹਨ।

ਆਤਿਸ਼ੀ ਨੇ ਕਿਹਾ ਕਿ ਅਸੀਂ ਸਭ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਦਿੱਲੀ ਵਿੱਚ ਗਲਤ ਤਰੀਕੇ ਨਾਲ ਵੋਟਾਂ ਕੱਟੀਆਂ ਗਈਆਂ। ਭਾਜਪਾ ਵਰਕਰਾਂ ਨੇ ਗਲਤ ਤਰੀਕੇ ਨਾਲ ਵੋਟਾਂ ਬਣਾਈਆਂ ਅਤੇ ਭਾਜਪਾ ਚੋਣ ਚੋਰੀ ਕਰਕੇ ਲੈ ਗਈ। ਅੱਜ ਪੱਛਮੀ ਬੰਗਾਲ ਵਿੱਚ ਵੀ ਇਹੀ ਹੋ ਰਿਹਾ ਹੈ, ਉੱਥੇ ਵੀ ਚੋਣ ਕਮਿਸ਼ਨ ਦੀ ਦੁਰਵਰਤੋਂ ਹੋ ਰਹੀ ਹੈ। ਪਰ ਜਦੋਂ ਤ੍ਰਿਣਮੂਲ ਕਾਂਗਰਸ ਅਤੇ ਸਾਰੀ ਵਿਰੋਧੀ ਧਿਰ ਚੋਣ ਕਮਿਸ਼ਨ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਲੈ ਕੇ ਆਉਂਦੀ ਹੈ, ਤਾਂ ਰਾਘਵ ਚੱਢਾ ਉਸ 'ਤੇ ਹਸਤਾਖਰ ਕਰਨ ਤੋਂ ਮਨ੍ਹਾ ਕਰ ਦਿੰਦੇ ਹਨ। ਕੀ ਉਨ੍ਹਾਂ ਨੇ ਇੱਕ ਵਾਰ ਵੀ ਸੰਸਦ ਵਿੱਚ ਪੱਛਮੀ ਬੰਗਾਲ ਵਿੱਚ ਲੋਕਤੰਤਰ 'ਤੇ ਹੋ ਰਹੇ ਹਮਲੇ 'ਤੇ ਸਵਾਲ ਚੁੱਕੇ? ਵੋਟਾਂ ਕੱਟਣ 'ਤੇ ਸਵਾਲ ਚੁੱਕੇ? ਗਲਤ ਤਰੀਕੇ ਨਾਲ ਬਣ ਰਹੀਆਂ ਵੋਟਾਂ 'ਤੇ ਸਵਾਲ ਚੁੱਕੇ? ਉਨ੍ਹਾਂ ਨੇ ਇਹ ਸਵਾਲ ਕਿਉਂ ਨਹੀਂ ਚੁੱਕੇ? ਕੀ ਉਹ ਭਾਜਪਾ ਤੋਂ ਡਰ ਰਹੇ ਹਨ? ਕੀ ਉਹ ਮੋਦੀ ਜੀ ਤੋਂ ਡਰ ਰਹੇ ਹਨ?

ਆਤਿਸ਼ੀ ਨੇ ਕਿਹਾ ਕਿ ਅੱਜ ਦੇਸ਼ ਦੇ ਆਮ ਆਦਮੀ ਸਾਹਮਣੇ ਸਭ ਤੋਂ ਵੱਡਾ ਸੰਕਟ ਐਲਪੀਜੀ ਗੈਸ ਸਿਲੰਡਰ ਦਾ ਹੈ। ਰਾਘਵ ਚੱਢਾ ਤਾਂ ਵੱਡੇ ਆਦਮੀ ਹਨ, ਰਾਜ ਸਭਾ ਮੈਂਬਰ ਹਨ, ਹੋ ਸਕਦਾ ਹੈ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਉਂਦੀ ਹੋਵੇ। ਪਰ ਇੱਕ ਆਮ ਪਰਿਵਾਰ, ਇੱਕ ਛੋਟੇ ਜਿਹੇ ਮਕਾਨ ਜਾਂ ਕੱਚੀ ਕਲੋਨੀ ਵਿੱਚ ਰਹਿਣ ਵਾਲੇ ਅਤੇ ਇੱਕ ਗੈਸ ਸਿਲੰਡਰ ਕਨੈਕਸ਼ਨ ਵਾਲੇ ਪਰਿਵਾਰ ਨੂੰ ਅੱਜ ਆਪਣੇ ਬੱਚਿਆਂ ਲਈ ਰੋਟੀ ਬਣਾਉਣ ਵਿੱਚ ਭਾਰੀ ਮੁਸ਼ਕਲ ਹੋ ਰਹੀ ਹੈ। ਪਿਤਾ ਸੋਚ ਰਿਹਾ ਹੈ ਕਿ ਕੰਮ 'ਤੇ ਜਾਵਾਂ ਅਤੇ ਦਿਹਾੜੀ ਲੈ ਕੇ ਆਵਾਂ, ਜਾਂ ਲੰਬੀਆਂ ਲਾਈਨਾਂ ਵਿੱਚ ਖੜ੍ਹ ਕੇ ਗੈਸ ਸਿਲੰਡਰ ਲੈ ਕੇ ਆਵਾਂ ਤਾਂ ਜੋ ਕੱਲ੍ਹ ਮੇਰੇ ਬੱਚਿਆਂ ਲਈ ਦੁਪਹਿਰ ਦਾ ਖਾਣਾ ਬਣ ਸਕੇ।

ਆਤਿਸ਼ੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਤੇ ਦਿੱਲੀ ਵਿਧਾਨ ਸਭਾ ਵਿੱਚ ਸਿਲੰਡਰ ਦਾ ਸਵਾਲ ਉਠਾਇਆ, ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਐਲਪੀਜੀ ਸਿਲੰਡਰ ਦਾ ਮੁੱਦਾ ਚੁੱਕਿਆ ਅਤੇ ਜਦੋਂ ਰਾਘਵ ਚੱਢਾ ਨੂੰ ਐਲਪੀਜੀ ਦੇ ਮੁੱਦੇ 'ਤੇ ਬੋਲਣ ਲਈ ਕਿਹਾ ਗਿਆ, ਤਾਂ ਉਹ ਚੁੱਪ ਰਹਿ ਗਏ। ਕੀ ਉਹ ਮੋਦੀ ਜੀ ਤੋਂ ਡਰ ਗਏ ਹਨ? ਅੱਜ ਇਸ ਦੇਸ਼ ਵਿੱਚ ਹਰ ਇਨਸਾਨ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਉਹ ਮੋਦੀ ਜੀ ਦੇ ਨਾਲ ਹੈ ਜਾਂ ਸੰਵਿਧਾਨ ਅਤੇ ਲੋਕਤੰਤਰ ਦੇ ਨਾਲ।

ਆਤਿਸ਼ੀ ਨੇ ਕਿਹਾ ਕਿ ਮੈਨੂੰ ਯਾਦ ਆ ਰਿਹਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਸੀ, ਉਦੋਂ ਅਸੀਂ ਸਾਰੇ ਸੜਕਾਂ 'ਤੇ ਖੜ੍ਹੇ ਹੋ ਕੇ ਲੜ ਰਹੇ ਸੀ। ਪੁਲਿਸ ਸਾਡੇ 'ਤੇ ਲਾਠੀਆਂ ਵਰਾ ਰਹੀ ਸੀ ਅਤੇ ਸਾਨੂੰ ਘੜੀਸ-ਘੜੀਸ ਕੇ ਫੜ ਕੇ ਲੈ ਜਾ ਰਹੀ ਸੀ। ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ, ਕਿਤੇ ਨਰੇਲਾ ਵਿੱਚ, ਕਿਤੇ ਬਵਾਨਾ ਵਿੱਚ ਸਾਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਸੀਂ ਰੋਜ਼ ਸੜਕਾਂ 'ਤੇ ਲੜ ਰਹੇ ਸੀ ਅਤੇ ਉਦੋਂ ਰਾਘਵ ਚੱਢਾ ਲੰਡਨ ਵਿੱਚ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਅੱਖ ਦਾ ਆਪਰੇਸ਼ਨ ਹੋ ਰਿਹਾ ਹੈ, ਇਸ ਲਈ ਉਹ ਲੰਡਨ ਵਿੱਚ ਹਨ। ਉਦੋਂ ਮੀਡੀਆ ਨੇ ਸਾਨੂੰ ਬਹੁਤ ਸਵਾਲ ਪੁੱਛੇ। ਵਾਰ-ਵਾਰ ਅਸੀਂ ਮੀਡੀਆ ਨੂੰ ਕਿਹਾ ਕਿ ਰਾਘਵ ਚੱਢਾ ਡਰੇ ਨਹੀਂ ਹਨ। ਉਨ੍ਹਾਂ ਦੀ ਅੱਖ ਵਿੱਚ ਦਿੱਕਤ ਹੈ ਅਤੇ ਉਹ ਆਪਣਾ ਆਪਰੇਸ਼ਨ ਕਰਵਾਉਣ ਗਏ ਹਨ। ਪਰ ਅੱਜ ਮੇਰੇ ਮਨ ਵਿੱਚ ਵੀ ਇਹ ਸਵਾਲ ਆ ਰਿਹਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ, ਕੀ ਉਦੋਂ ਵੀ ਉਹ ਭਾਜਪਾ ਤੋਂ ਡਰ ਗਏ ਸੀ? ਕੀ ਉਦੋਂ ਵੀ ਉਹ ਮੋਦੀ ਜੀ ਤੋਂ ਡਰ ਗਏ ਸੀ? ਕੀ ਉਹ ਡਰ ਕੇ ਲੰਡਨ ਭੱਜ ਗਏ ਸੀ?

ਆਤਿਸ਼ੀ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਰਾਘਵ ਚੱਢਾ ਮੋਦੀ ਜੀ ਤੋਂ ਡਰਦੇ ਹੋਣ, ਹੋ ਸਕਦਾ ਹੈ ਕਿ ਉਹ ਜੇਲ੍ਹ ਜਾਣ ਤੋਂ ਡਰਦੇ ਹੋਣ। ਪਰ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਅਸੀਂ ਨਾ ਭਾਜਪਾ ਤੋਂ ਡਰਦੇ ਹਾਂ, ਨਾ ਮੋਦੀ ਜੀ ਤੋਂ ਡਰਦੇ ਹਾਂ, ਨਾ ਉਨ੍ਹਾਂ ਦੀਆਂ ਏਜੰਸੀਆਂ ਤੋਂ ਅਤੇ ਨਾ ਹੀ ਜੇਲ੍ਹ ਜਾਣ ਤੋਂ ਡਰਦੇ ਹਾਂ। ਇਸ ਲਈ ਅਸੀਂ ਇਸ ਦੇਸ਼ ਦੇ ਆਮ ਆਦਮੀ ਦੀ ਆਵਾਜ਼ ਉਠਾਉਂਦੇ ਆਏ ਹਾਂ ਅਤੇ ਅੱਗੇ ਵੀ ਉਠਾਉਂਦੇ ਰਹਾਂਗੇ। ਅਸੀਂ ਇਸ ਲੋਕਤੰਤਰ ਲਈ ਆਵਾਜ਼ ਉਠਾਉਂਦੇ ਆਏ ਹਾਂ ਅਤੇ ਉਠਾਉਂਦੇ ਰਹਾਂਗੇ। ਮੋਦੀ ਜੀ ਜਾਂ ਭਾਜਪਾ ਤੋਂ ਡਰਨ ਨਾਲ ਸੰਵਿਧਾਨ ਅਤੇ ਲੋਕਤੰਤਰ ਨਹੀਂ ਬਚੇਗਾ। ਅੱਜ ਰਾਘਵ ਚੱਢਾ ਨੂੰ ਇਹ ਤੈਅ ਕਰਨਾ ਹੈ ਕਿ ਕੀ ਉਹ ਸੰਵਿਧਾਨ ਦੇ ਨਾਲ ਹਨ ਜਾਂ ਫਿਰ ਮੋਦੀ ਜੀ ਦੇ ਨਾਲ।

ਉੱਥੇ ਹੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ। ਨਿਡਰਤਾ ਹੀ ਸਾਡੀ ਪਹਿਲੀ ਪਛਾਣ ਹੈ। ਕੋਈ ਮੋਦੀ ਤੋਂ ਡਰ ਜਾਵੇ ਤਾਂ ਦੇਸ਼ ਲਈ ਕੀ ਲੜੇਗਾ? ਪਾਰਟੀ ਨੂੰ ਸੰਸਦ ਵਿੱਚ ਬੋਲਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਉਸ ਵਿੱਚ ਜਾਂ ਤਾਂ ਦੇਸ਼ ਬਚਾਉਣ ਦਾ ਸੰਘਰਸ਼ ਕਰ ਸਕਦੇ ਹੋ ਜਾਂ ਏਅਰਪੋਰਟ ਕੰਟੀਨ ਵਿੱਚ ਸਮੋਸੇ ਸਸਤੇ ਕਰਵਾਉਣ ਦਾ। ਗੁਜਰਾਤ ਵਿੱਚ ਸਾਡੇ ਸੈਂਕੜੇ ਵਰਕਰ ਭਾਜਪਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਏ, ਕੀ ਸਾੰਸਦ ਸਾਹਿਬ ਸਦਨ ਵਿੱਚ ਕੁਝ ਬੋਲੇ?

ਅਨੁਰਾਗ ਢਾਂਡਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਸਦਨ ਵਿੱਚ ਮੁੱਖ ਚੋਣ ਕਮਿਸ਼ਨਰ ਵਿਰੁੱਧ ਪ੍ਰਸਤਾਵ ਆਇਆ ਤਾਂ ਭਾਈ ਸਾਹਿਬ ਨੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ। ਪਾਰਟੀ ਨੇ ਸਦਨ ਤੋਂ ਵਾਕਆਊਟ ਕੀਤਾ ਤਾਂ ਮੋਦੀ ਜੀ ਦੀ ਹਾਜ਼ਰੀ ਲਾਉਣ ਲਈ ਬੈਠੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਤੁਸੀਂ ਡਰ ਗਏ ਹੋ ਰਾਘਵ। ਮੋਦੀ ਖਿਲਾਫ ਬੋਲਣ ਤੋਂ ਘਬਰਾਉਂਦੇ ਹੋ। ਦੇਸ਼ ਦੇ ਅਸਲੀ ਮੁੱਦਿਆਂ 'ਤੇ ਬੋਲਣ ਤੋਂ ਘਬਰਾਉਂਦੇ ਹੋ। ਜੋ ਡਰ ਗਿਆ, ਉਹ ਸਮਝੋ ਮਰ ਗਿਆ।

 

 

Advertisement

Latest News

ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ' ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ'
*ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? - 'ਆਪ'* *ਪਾਰਟੀ ਵਿ੍ਪ...
ਭਗਵੰਤ ਮਾਨ ਸਰਕਾਰ ਨੇ ਰਿਕਾਰਡ ਕਾਇਮ ਕੀਤਾ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਰਫ਼ 4 ਸਾਲਾਂ ‘ਚ 65,264 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ
ਸਪੀਕਰ ਸ ਸੰਧਵਾਂ ਵੱਲੋਂ ਭੋਗ, ਅੰਤਿਮ ਅਰਦਾਸ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਮੂਲੀਅਤ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ
ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਲੋਕਾਂ ਨੂੰ ਮਿਲਣਗੀਆਂ ਨਿਰਵਿਘਨ ਸੇਵਾਵਾਂ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ
ਪਰਾਲੀ ਤੋਂ ਪੈਲਟ ਯੂਨਿਟ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ