ਰੈੱਡ ਕਰਾਸ ਐਸ ਏ ਐਸ ਨਗਰ ਨੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ
ਭੜੌਂਜੀਆਂ (ਐਸ.ਏ.ਐਸ. ਨਗਰ), 13 ਸਤੰਬਰ, 2024:
ਕਰਨਲ ਮਨਪ੍ਰੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਵੱਲੋਂ ਅੱਜ ਨਿਊ ਚੰਡੀਗੜ੍ਹ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਐਸ.ਏ.ਐਸ.ਨਗਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ, ਡਿਪਟੀ ਕਮਿਸ਼ਨਰ-ਕਮ-ਆਸ਼ਿਕਾ ਜੈਨ ਨੇ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਨਾਲ ਕੈਂਪ ਦਾ ਦੌਰਾ ਕੀਤਾ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੰਡੇ।
ਜ਼ਿਕਰਯੋਗ ਹੈ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਿਛਲੇ ਸਾਲ ਸਤੰਬਰ ਮਹੀਨੇ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦ ਵਿਰੋਧੀ ਮੁਹਿੰਮ 'ਚ ਫਰੰਟ ਤੋਂ ਅਗਵਾਈ ਕਰਦੇ ਹੋਏ ਐਕਸ਼ਨ ਦੌਰਾਨ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਸ਼ਾਂਤੀ ਸਮੇਂ ਦਾ ਦੂਜਾ ਸਭ ਤੋਂ ਉੱਚਾ ਬਹਾਦਰੀ ਪੁਰਸਕਾਰ ਹੈ।
ਖੂਨਦਾਨ ਕੈਂਪ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਨਲ ਮਨਪ੍ਰੀਤ ਸਿੰਘ ਵੱਲੋਂ ਦਿਖਾਏ ਮਿਸਾਲੀ ਸਾਹਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਖੂਨਦਾਨ ਕੈਂਪ ਰਾਸ਼ਟਰ ਦੇ ਇਸ ਨਾਇਕ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਸਮਰਪਿਤ ਕੀਤਾ ਗਿਆ ਹੈ।
ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ, ਜਦਕਿ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਚੰਡੀਗੜ੍ਹ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ, ਸੋਹਾਣਾ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀਆਂ ਟੀਮਾਂ ਨੇ ਕੈਂਪ ਦੌਰਾਨ 73 ਯੂਨਿਟ ਖੂਨ ਇਕੱਤਰ ਕੀਤਾ।