ਮੁੱਖ ਮੰਤਰੀ ਨੇ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਮੰਗੀ

ਮੁੱਖ ਮੰਤਰੀ ਨੇ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਮੰਗੀ

ਚੰਡੀਗੜ੍ਹ, 29 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ। 

ਭਾਰਤ ਲਈ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਅਗਸਟ ਟੈਨੋ ਕੁਆਮੇ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸੂਬੇ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ। ਭਗਵੰਤ ਸਿੰਘ ਮਾਨ ਨੇ ਸੂਬਾ ਸਰਕਾਰ ਦੀ ਵਿੱਤੀ ਅਤੇ ਸੰਸਥਾਗਤ ਢਾਂਚੇ ਦੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਵਿਕਾਸ ਨੂੰ ਹੁਲਾਰਾ ਦੇਣ, ਜਨਤਕ ਸੇਵਾਵਾਂ ਵਿੱਚ ਸੁਧਾਰ ਅਤੇ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿੱਤੀ ਸਹਾਇਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਸਬੰਧੀ ਸੂਬੇ ਦੇ ​​ਠੋਸ ਏਜੰਡੇ ਨੂੰ ਪ੍ਰਦਰਸ਼ਿਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਵਿੱਤੀ ਸਹਾਇਤਾ ਮੰਗਣ ਦਾ ਮੁੱਖ ਉਦੇਸ਼ ਵਿੱਤੀ ਸੂਝ-ਬੂਝ, ਬਿਹਤਰ ਪ੍ਰਸ਼ਾਸਨ ਅਤੇ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਤ ਕਰਨਾ ਹੈ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਵਿੱਤੀ ਸਹਾਇਤਾ ਨਾਲ ਪੰਜਾਬ ਦੀਆਂ ਵਿਕਾਸ ਤਰਜੀਹਾਂ, ਜਿਸ ਵਿੱਚ ਬੁਨਿਆਦੀ ਢਾਂਚਾ ਵਿਕਾਸ, ਮਨੁੱਖੀ ਸਰੋਤ ਵਿਕਾਸ ਅਤੇ ਸਮਾਜ ਭਲਾਈ ਪਹਿਲਕਦਮੀਆਂ ਸ਼ਾਮਲ ਹਨ, ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਸਹਿਯੋਗ ਨਾਲ ਪੰਜਾਬ ਖੁਸ਼ਹਾਲੀ ਅਤੇ ਵਿਕਾਸ ਵੱਲ ਵੱਡੀ ਪੁਲਾਂਘ ਪੁੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਾਤਾਵਰਣ ਸੂਬਾ ਸਰਕਾਰ ਲਈ ਇੱਕ ਤਰਜੀਹੀ ਖੇਤਰ ਹੈ ਅਤੇ ਉਨ੍ਹਾਂ ਦੀ ਸਰਕਾਰ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੁਰਾਣੇ ਜਲ ਸਰੋਤਾਂ ਨੂੰ ਸੁਰਜੀਤ ਕਰ ਰਹੀ ਹੈ ਅਤੇ ਵਾਹੀਯੋਗ ਜ਼ਮੀਨ ਦੇ ਵੱਧ ਤੋਂ ਵੱਧ ਹਿੱਸੇ ਨੂੰ ਨਹਿਰੀ ਪਾਣੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਇੱਕ ਪਾਸੇ ਬਿਜਲੀ ਦੀ ਖਪਤ ਘਟ ਰਹੀ ਹੈ, ਦੂਜੇ ਪਾਸੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਦੇ ਕਿਨਾਰਿਆਂ ਨੂੰ ਪੱਕਾ ਕਰਨ, ਪੁਰਾਣੇ ਖਾਲਾਂ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਵੱਧ ਤੋਂ ਵੱਧ ਸਤਹੀ ਪਾਣੀ ਦੀ ਵਰਤੋਂ ਕਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਧਰਤੀ ਹੇਠਲੇ ਪਾਣੀ ਦਾ ਪੱਧਰ ਇੱਕ ਮੀਟਰ ਦੇ ਕਰੀਬ ਵਧਿਆ ਹੈ। 

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਖੇਤੀ ਮੋਟਰਾਂ ਦੀ ਸੋਲਰਾਈਜ਼ੇਸ਼ਨ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿੱਚ ਸੂਬਾ ਸਰਕਾਰ ਵੱਡੀ ਗਿਣਤੀ ਖੇਤੀ ਮੋਟਰਾਂ ਨੂੰ ਤੇਜ਼ੀ ਨਾਲ ਸੋਲਰਾਈਜ਼ ਕਰ ਸਕਦੀ ਹੈ। ਇਕ ਹੋਰ ਮੁੱਦੇ 'ਤੇ ਚਰਚਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਖੇਤੀ ਛੱਡ ਕੇ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਵਾਸਤੇ ਪ੍ਰੇਰਿਤ ਕਰਨ ਲਈ ਨੀਤੀ ਘੜਨ 'ਤੇ ਵਿਚਾਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਚੌਲ ਪੰਜਾਬ ਦੀ ਮੁੱਖ ਖੁਰਾਕ ਨਹੀਂ ਹੈ ਪਰ ਸੂਬੇ ਦੇ ਕਿਸਾਨ ਸਮੁੱਚੇ ਦੇਸ਼ ਦੀ ਲੋੜ ਨੂੰ ਪੂਰਾ ਕਰਨ ਲਈ ਝੋਨੇ ਦੀ ਕਾਸ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਾਲਾਂ, ਮੱਕੀ ਆਦਿ ਵਰਗੀਆਂ ਬਦਲਵੀਆਂ ਫ਼ਸਲਾਂ ਹਨ ਪਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਫ਼ਸਲਾਂ ਦਾ ਮੁੱਲ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵਾਤਾਵਰਨ ਨੂੰ ਬਚਾਉਣ ਲਈ ਪਹਿਲਾਂ ਹੀ ਵੱਖ-ਵੱਖ ਪ੍ਰੋਜੈਕਟਾਂ 'ਤੇ ਵਿਚਾਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਫ਼ਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਕੇਂਦਰ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਅਤੇ ਉਪਜਾਊ ਜ਼ਮੀਨ ਕਰਕੇ ਪੰਜਾਬ ਦੀ ਖੇਤੀ ਪੈਦਾਵਾਰ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਵਾਸਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਧਰਤੀ ਹੇਠਲੇ ਪਾਣੀ ਵਿੱਚ ਸਿੱਕਾ ਅਤੇ ਹੋਰ ਭਾਰੀ ਧਾਤਾਂ ਦੀ ਮੌਜੂਦਗੀ 'ਤੇ ਚਿੰਤਾ ਪ੍ਰਗਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਵਿਸ਼ਵ ਬੈਂਕ ਨੂੰ ਲੋਕਾਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੀ ਤਰਜ਼ 'ਤੇ ਸੂਬੇ ਵਿੱਚ ਵੀ ਪ੍ਰੋਜੈਕਟ ਸ਼ੁਰੂ ਕਰਨ ਦੀ ਅਪੀਲ ਕੀਤੀ। 

ਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਹਾਂ-ਪੱਖੀ ਹੁੰਗਾਰਾ ਭਰਦਿਆਂ ਅਗਸਟ ਟੈਨੋ ਕੁਆਮੇ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਸਹਿਯੋਗ ਕਰਨ ਬਾਰੇ ਵਿਚਾਰ ਕਰ ਰਹੇ ਹਨ ਕਿਉਂਕਿ ਵਿਸ਼ਵ ਬੈਂਕ ਨੇ ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਹੀ ਇਸ ਪ੍ਰੋਜੈਕਟ ਵਿੱਚ ਸਹਿਯੋਗ ਕੀਤਾ ਹੈ। ਸੂਬਾ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਕਈ ਗੱਲਾਂ ਸਪੱਸ਼ਟ ਹੋ ਜਾਣਗੀਆਂ। ਚੇਅਰਮੈਨ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਟੀਮ ਕ੍ਰਾਤੀਕਾਰੀ ਸੁਧਾਰਾਂ ਨੂੰ ਲਾਗੂ ਕਰਨ ਲਈ ਪੰਜਾਬ ਦੇ ਦ੍ਰਿੜ੍ਹ ਇਰਾਦੇ ਤੋਂ ਪ੍ਰਭਾਵਿਤ ਹੋਈ ਹੈ। 

ਅਗਸਟ ਟੈਨੋ ਕੁਆਮੇ ਨੇ ਵਿਕਾਸ ਅਤੇ ਪ੍ਰਗਤੀ ਲਈ ਪੰਜਾਬ ਦੀ ਸਮਰੱਥਾ ਨੂੰ ਮੰਨਦਿਆਂ ਇੱਕ ਮਜ਼ਬੂਤ ​​ਅਤੇ ਲਚਕੀਲੇ ਜਨਤਕ ਵਿੱਤੀ ਪ੍ਰਬੰਧਨ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਪੰਜਾਬ ਦੇ ਯਤਨਾਂ ਦਾ ਸਮਰਥਨ ਕਰਨ ਲਈ ਆਪਣੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਵੱਡੇ ਸ਼ਹਿਰਾਂ ਵਿੱਚ ਸਹਿਯੋਗ ਦੇ ਖੇਤਰਾਂ ਅਤੇ ਵਿੱਤੀ ਸੂਝ-ਬੂਝ, ਡੇਟਾ ਸ਼ੇਅਰਿੰਗ ਅਤੇ ਹੋਰ ਸੇਵਾਵਾਂ ਦੀ ਭਾਲ ਕਰ ਰਿਹਾ ਹੈ। ਅਗਸਟ ਟੈਨੋ ਕੁਆਮੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਬੈਂਕ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਨ੍ਹਾਂ ਨੂੰ ਅਪਣਾਉਣ ਬਾਰੇ ਵਿਚਾਰ ਕਰ ਰਿਹਾ ਹੈ।

Tags:

Advertisement

Latest News

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ ਨੂੰ ਆਈ.ਟੀ.ਆਈ. (ਮਹਿਲਾਵਾਂ), ਫੇਜ਼-5, ਐੱਸ.ਏ.ਐੱਸ ਨਗਰ ਲਾਇਆ ਜਾਵੇਗਾ ਪਲੇਸਮੈਂਟ ਕੈਂਪ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ ਨੂੰ ਆਈ.ਟੀ.ਆਈ. (ਮਹਿਲਾਵਾਂ), ਫੇਜ਼-5, ਐੱਸ.ਏ.ਐੱਸ ਨਗਰ ਲਾਇਆ ਜਾਵੇਗਾ ਪਲੇਸਮੈਂਟ ਕੈਂਪ
ਐੱਸ.ਏ.ਐੱਸ ਨਗਰ, 9 ਦਸੰਬਰ,2024:ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ (ਬੁੱਧਵਾਰ) ਨੂੰ...
ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦਾ ਜਿਲ੍ਹਾ ਵਾਸੀ ਲੈਣ ਲਾਹਾ-ਡਿਪਟੀ ਕਮਿਸ਼ਨਰ
ਯੂਥ ਕਲੱਬਾਂ ਰਾਹੀਂ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਦਾ ਆਗਾਜ਼
ਖੁਸ਼ੀ ਫਾਊਂਡੇਸ਼ਨ ਦੇ ਵੱਧਦੇ ਕਦਮ ਔਰਤਾਂ ਦੀ ਸਫਾਈ ਅਤੇ ਸਿਹਤ ਸੰਭਾਲ ਵੱਲ
ਰਾਜ ਪੱਧਰ ਖੇਡਾਂ ਦੀ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਸ਼ੁਰੂਆਤ
ਨਸ਼ਿਆਂ ਵਿਰੁੱਧ ਜਾਰੀ ਜੰਗ ਵਿਚ ਯੁਵਕ ਸੇਵਾਵਾਂ ਵਿਭਾਗ ਫਾਜ਼ਿਲਕਾ ਵੱਲੋਂ ਕੀਤਾ ਗਿਆ ਅਹਿਮ ਉਪਰਾਲਾ
ਬਲਾਕ ਖੂਈਖੇੜਾ ਵਿੱਚ ਪਲਸ ਪੋਲੀਓ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਪਿਲਾਈਆਂ ਪੋਲੀਓ ਬੂੰਦਾਂ