ਡਿਪਟੀ ਕਮਿਸ਼ਨਰ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਬਰਨਾਲਾ, 2 ਜੁਲਾਈ- ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ, ਖੱਟਰ ਪੱਤੀ, ਤਪਾ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਬਿਰਧ ਘਰ ਲਈ ਵੱਧ ਤੋਂ ਵੱਧ ਲੋੜਵੰਦ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕਰਾਉਣ, ਬਜ਼ੁਰਗਾਂ ਦੇ ਨਿਯਮਿਤ ਡਾਕਟਰੀ ਚੈੱਕਅੱਪ, ਕੌਂਸਲਿੰਗ ਅਤੇ ਐਂਬੂਲੈਂਸ ਸਹੂਲਤ ਯਕੀਨੀ ਬਣਾਉਣ, ਬਿਲਡਿੰਗ ਦੀ ਸਾਂਭ-ਸੰਭਾਲ, ਸਫ਼ਾਈ, ਬਕਾਇਆ ਬਿਜਲੀ ਬਿੱਲ ਦੇ ਨਿਪਟਾਰੇ ਅਤੇ ਮਨਰੇਗਾ ਰਾਹੀਂ ਗਰਾਊਂਡ ਦੀ ਸਫ਼ਾਈ ਕਰਵਾਉਣ ਸਬੰਧੀ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਬਿਰਧ ਘਰ ਦੇ ਸਟੋਰ-ਸਟਾਕ, ਅਤੇ ਕਰਮਚਾਰੀਆਂ ਦੇ ਰਿਕਾਰਡ ਨੂੰ ਅਪਡੇਟ ਰੱਖਣ ਅਤੇ ਬਜ਼ੁਰਗਾਂ ਲਈ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਬਿਰਧ ਘਰ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ।
ਓਹਨਾਂ ਕਿਹਾ ਕਿ ਜੇਕਰ ਆਸ ਪਾਸ ਕੋਈ ਲੋੜਵੰਦ/ ਬੇਸਹਾਰਾ ਬਜ਼ੁਰਗ ਹੈ ਤਾਂ ਉਸ ਦੀ ਬਿਰਧ ਘਰ ਲਈ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਜਿੱਥੇ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਬਜ਼ੁਰਗ ਨੂੰ ਬੁਢਾਪੇ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਆਵਾਸਪ੍ਰੀਤ ਕੌਰ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

