ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਨਵੰਬਰ:
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਸ਼੍ਰੀਮਤੀ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪੰਚਾਇਤ ਸੰਮਤੀਆਂ ਮੋਹਾਲੀ, ਖਰੜ, ਮਾਜਰੀ ਅਤੇ ਡੇਰਾਬਸੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਅਜ਼ਾਦਾਨਾ ਚੋਣ ਪ੍ਰਕਿਰਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪੂਰੀ ਸੰਜੀਦਗੀ ਅਤੇ ਨਿਰਪੱਖਤਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ, ਜੋ ਕਿ ਸੋਮਵਾਰ, 1 ਦਸੰਬਰ, 2025 ਤੋਂ ਸ਼ੁਰੂ ਹੋ ਕੇ 4 ਦਸੰਬਰ, 2025 ਤੱਕ ਜਾਰੀ ਰਹੇਗੀ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਗਿਆ 6 ਦਸੰਬਰ, 2025 ਨੂੰ ਹੋਵੇਗੀ।
ਨਾਮਜ਼ਦਗੀ ਪੱਤਰ ਦਾਖਲ ਕਰਨ, ਪੜਤਾਲ ਅਤੇ ਵਾਪਸ ਲੈਣ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਨਿਰਧਾਰਤ ਦਫਤਰਾਂ ਵਿੱਚ ਨੀਯਤ ਕੀਤਾ ਗਿਆ ਹੈ।
ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀ ਪੱਤਰ, ਕਮਰਾ ਨੰਬਰ 401, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ ਏ ਐਸ ਨਗਰ ਵਿੱਚ ਪ੍ਰਾਪਤ ਕੀਤੇ ਜਾਣਗੇ।
ਪੰਚਾਇਤ ਸੰਮਤੀ ਮੋਹਾਲੀ ਲਈ, ਐਸ ਡੀ ਐਮ ਮੋਹਾਲੀ, ਸ਼੍ਰੀਮਤੀ ਦਮਨਦੀਪ ਕੌਰ ਰਿਟਰਨਿੰਗ ਅਫਸਰ ਵਜੋਂ ਸੇਵਾ ਨਿਭਾਉਣਗੇ, ਜਿਨ੍ਹਾਂ ਦਾ ਦਫਤਰ ਕਮਰਾ ਨੰਬਰ 111, ਗਰਾਊਂਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ ਏ ਐਸ ਨਗਰ ਵਿਖੇ ਹੈ।
ਪੰਚਾਇਤ ਸੰਮਤੀ ਖਰੜ ਲਈ, ਐਸ ਡੀ ਐਮ ਖਰੜ, ਸ਼੍ਰੀਮਤੀ ਦਿਵਿਆ ਪੀ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀਆਂ ਕਮਰਾ ਨੰਬਰ 1, ਸਬ ਡਿਵੀਜ਼ਨਲ ਕੰਪਲੈਕਸ, ਖਰੜ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ।
ਇਸੇ ਤਰ੍ਹਾਂ, ਪੰਚਾਇਤ ਸੰਮਤੀ ਡੇਰਾਬੱਸੀ ਲਈ, ਐਸ ਡੀ ਐਮ ਅਮਿਤ ਗੁਪਤਾ ਰਿਟਰਨਿੰਗ ਅਫਸਰ ਹੋਣਗੇ, ਜੋ ਡੇਰਾਬੱਸੀ ਐਸ ਡੀ ਐਮ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਸਵੀਕਾਰ ਕਰਨਗੇ।
ਪੰਚਾਇਤ ਸੰਮਤੀ ਮਾਜਰੀ ਲਈ, ਅਸਟੇਟ ਅਫਸਰ (ਪਲਾਟ), ਗਮਾਡਾ, ਰਵਿੰਦਰ ਸਿੰਘ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀਆਂ ਬੀ ਡੀ ਪੀ ਓ ਦਫ਼ਤਰ, ਮਾਜਰੀ ਵਿਖੇ ਸਵੀਕਾਰ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਮੀਦਵਾਰ ਖੁਦ ਜਾਂ ਉਸਦਾ ਅਧਿਕਾਰਤ ਤਜ਼ਵੀਜ਼ਕਰਤਾ (ਲਿਖਤੀ ਤੌਰ 'ਤੇ ਅਧਿਕਾਰਤ) ਐਲਾਨੇ ਗਏ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਦਾ ਹੈ ਜਾਂ ਵਾਪਸ ਲੈ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਸੀਟਾਂ ਲਈ ਮਤਦਾਨ ਹੋਣ ਦੀ ਸੂਰਤ ਵਿੱਚ, ਚੋਣਾਂ ਨੂੰ ਸੁਚਾਰੂ ਅਤੇ ਕੁਸ਼ਲਤਾ ਨਾਲ ਕਰਵਾਉਣ ਲਈ ਸੁਰੱਖਿਆ, ਪੋਲਿੰਗ ਸਟਾਫ ਦੀ ਤਾਇਨਾਤੀ, ਸਿਖਲਾਈ ਅਤੇ ਸਮੱਗਰੀ ਪ੍ਰਬੰਧਨ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਪਹਿਲਾਂ ਤੋਂ ਹੀ ਯਕੀਨੀ ਬਣਾਏ ਜਾਣਗੇ। ਉਨ੍ਹਾਂ ਸਾਰੇ ਫੀਲਡ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਚੋਣ ਪ੍ਰਕਿਰਿਆ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਨਿਰੰਤਰ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਮਤਦਾਨ 14 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ।
ਮੀਟਿੰਗ ਵਿੱਚ ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਵਾਉਣ ਲਈ ਨਿਯੁਕਤ ਕੀਤੇ ਗਏ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਸ਼ਿਰਕਤ ਕੀਤੀ।


