ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਭਾਖੜਾ ਡੈਮ ਦਾ ਨਿਰੀਖਣ, ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ
ਚੰਡੀਗੜ੍ਹ/ਨੰਗਲ, 17 ਸਤੰਬਰ:
ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਖੜਾ ਡੈਮ ਨੰਗਲ ਦਾ ਦੌਰਾ ਕੀਤਾ ਅਤੇ ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ।
ਇਸ ਦੌਰਾਨ ਜਲ ਸਰੋਤ ਮੰਤਰੀ ਸ. ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਗੱਲ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਿਆਂ ਪੀਣ ਵਾਸਤੇ, ਸਿੰਜਾਈ ਲਈ ਅਤੇ ਇੰਡਸਟਰੀ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਵਿੱਚ ਨਹਿਰੀ ਪਾਣੀ ਦੀ ਉਚਿਤ ਵਰਤੋਂ ਲਈ ਹਰੇਕ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਨਹਿਰਾਂ ਦੀ ਮੁਰੰਮਤ ਵੀ ਸਮੇਂ-ਸਮੇਂ ਉਪਰ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਲਈ ਪੰਜਾਬ ਦੇ ਹਿੱਸੇ ਦੀ ਭਰਤੀ ਪੂਰੀ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਤਲੁਜ ਸਦਨ ਵਿਖੇ ਸਵਾਗਤ ਕੀਤਾ ਗਿਆ।
ਇਸ ਉਪਰੰਤ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਭਾਖੜਾ ਨੰਗਲ ਡੈਮ ਦਾ ਦੌਰਾ ਕਰਕੇ ਇਸ ਦੇ ਰੱਖ-ਰਖਾਅ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਬਿਜਲੀ ਉਤਪਾਦਨ, ਪਾਵਰ ਜਨਰੇਸ਼ਨ ਦਾ ਜਾਇਜ਼ਾ ਲਿਆ ਅਤੇ ਅਤਿ ਆਧੁਨਿਕ ਮਿਊਜ਼ੀਅਮ ਵੇਖਿਆ। ਉਨ੍ਹਾਂ ਅਧਿਕਾਰੀਆਂ ਨਾਲ ਬੈਠਕ ਕਰਕੇ ਲੋਂੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਅਤੇ ਅਧਿਕਾਰੀਆਂ ਤੋਂ ਡੈਮ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਕੈਬਨਿਟ ਮੰਤਰੀ ਨੇ ਯਾਦਗਾਰੀ ਪੌਦਾ ਵੀ ਲਗਾਇਆ।
ਇਸ ਮੌਕੇ ਬੀ.ਬੀ.ਐਮ.ਬੀ. ਦੇ ਚੀਫ ਇੰਜੀਨੀਅਰ ਸੀ.ਪੀ ਸਿੰਘ, ਡਿਪਟੀ ਚੀਫ ਇੰਜ. ਐਚ.ਐਲ. ਕੰਬੋਜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਐਸ.ਡੀ.ਐਮ. ਅਨਮਜੌਤ ਕੌਰ, ਡੀ.ਐਸ.ਪੀ ਮਨਜੀਤ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ, ਕਾਰਜਕਾਰੀ ਇੰਜੀਨਿਅਰ ਹਰਜੋਤ ਸਿੰਘ ਵਾਲੀਆ ਅਤੇ ਪੀ.ਆਰ.ਓ ਸਤਨਾਮ ਸਿੰਘ ਵੀ ਮੌਜੂਦ ਸਨ।