ਭਾਸ਼ਾ ਵਿਭਾਗ ਵੱਲੋਂ ਹਰ ਸਾਲ ਖਡੂਰ ਸਾਹਿਬ ਵਿਖੇ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ - ਜਸਵੰਤ ਸਿੰਘ ਜ਼ਫ਼ਰ

ਭਾਸ਼ਾ ਵਿਭਾਗ ਵੱਲੋਂ ਹਰ ਸਾਲ ਖਡੂਰ ਸਾਹਿਬ ਵਿਖੇ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ  ਸਮਾਗਮ ਕਰਵਾਇਆ ਜਾਵੇਗਾ - ਜਸਵੰਤ ਸਿੰਘ ਜ਼ਫ਼ਰ

ਤਰਨ ਤਾਰਨ, 29 ਮਾਰਚ :
         ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ  ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਮੈਨੇਜਮੈਂਟ ਕਮੇਟੀ, ਖਡੂਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਜਗਤਾਰ ਸਿੰਘ ਸੋਖੀ ਅਤੇ ਅਰਸ਼ਦੀਪ ਸਿੰਘ ਸੋਖੀ ਦੀ ਅਗਵਾਈ ਹੇਠ ਪੰਜਾਬੀ ਅੱਖਰਕਾਰੀ ਕਾਰਜਸ਼ਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅੱਖਰਾਂ ਦੀ ਬਣਤਰ ਅਤੇ ਬਣਾਵਟ ਬਾਰੇ ਵਿਦਿਆਰਥੀਆਂ ਨੂੰ ਬਰੀਕੀ ਨਾਲ ਨੁਕਤੇ ਦੱਸੇ ਗਏ।

 ਸਮਾਗਮ ਦੇ ਦੂਜੇ ਦਿਨ ਗੁਰਮੁਖੀ ਲਿਪੀ ਦੇ ਸਰੋਤ, ਵਿਕਾਸ ਅਤੇ ਸਮਕਾਲੀ ਚਿੰਤਨ ਦੇ ਪ੍ਰਸੰਗ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਵਿਸ਼ਾ  ‘ਗੁਰਮੁਖੀ ਲਿਪੀ: ਚਿੰਤਨ, ਪੁਨਰ-ਚਿੰਤਨ’ ਸੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭਾਸ਼ਾ ਵਿਭਾਗ ਦੀ ਧੁਨੀ ਦੇ ਗਾਇਨ ਨਾਲ ਕੀਤੀ ਗਈ। ਬੀ.ਐੱਡ. ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸੈਮੀਨਾਰ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਮੌਕੇ ਸੂਬੇਦਾਰ ਬਾਬਾ ਬਲਬੀਰ ਸਿੰਘ ਨੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਸਮਾਜਿਕ ਜੀਵਨ ਨਾਲ ਜੋੜਦਿਆਂ ਇਕ ਅਰਥਪੂਰਨ ਕਵਿਤਾ ਪੇਸ਼ ਕੀਤੀ ਅਤੇ ਭਾਸ਼ਾ ਦੀ ਵਰਤਮਾਨ ਸਥਿਤੀ 'ਤੇ ਚਿੰਤਾ ਪ੍ਰਗਟਾਈ।

 ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੇ ਸਰੋਕਾਰਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਅਧਿਆਪਕਾਂ/ਵਿਦਿਆਰਥੀਆਂ ਨੂੰ ਪਿੰਡਾਂ ਦੀਆਂ ਲਾਇਬ੍ਰੇਰੀਆਂ ਲਈ 'ਪੁਸਤਕ ਦਾਨ ਮਹਾਂ ਦਾਨ ਮੁਹਿੰਮ' ਤਹਿਤ ਪੁਸਤਕਾਂ ਦਾਨ ਕਰਨ ਲਈ ਬੇਨਤੀ ਕੀਤੀ।

ਪ੍ਰਮੁੱਖ ਵਕਤਾ ਤੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਗੁਰਮੁਖੀ ਲਿਪੀ ਦੀ ਇਤਿਹਾਸਕ ਵਿਲੱਖਣਤਾ ਅਤੇ ਵਿਗਿਆਨਕ ਬਣਤਰ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਲਿਪੀ ਨੂੰ ਸੋਧ ਕੇ ਇਕਸਾਰਤਾ ਪ੍ਰਦਾਨ ਕੀਤੀ। ਉਨ੍ਹਾਂ ਨੇ ‘ਸ’ ਅਤੇ ‘ਹ’ ਨੂੰ ਪਹਿਲੀ ਕਤਾਰ ਵਿੱਚ ਰੱਖਣ ਦੇ ਵਿਗਿਆਨਕ ਆਧਾਰ ਦੀ ਵਿਆਖਿਆ ਕੀਤੀ ਅਤੇ ਵੱਖ-ਵੱਖ ਵਿਦਵਾਨਾਂ ਦੇ ਹਵਾਲਿਆਂ ਨਾਲ ਸਿੱਧ ਕੀਤਾ ਕਿ ਗੁਰਮੁਖੀ ਪੰਜਾਬੀ ਭਾਸ਼ਾ ਲਈ ਸਭ ਤੋਂ ਢੁਕਵੀਂ ਲਿਪੀ ਹੈ। ਉਨ੍ਹਾਂ ਕਿਹਾ ਕਿ ਇਸ ਪੈਂਤੀ ਅੱਖਰੀਂ ਵਿੱਚ ਬਦਲਾਵ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਨੂੰ ਧਾਰਮਿਕ ਸਰਪ੍ਰਸਤੀ ਵੀ ਹਾਸਿਲ ਹੈ ਜਿਸ ਕਰਕੇ ਇਸ ਦੀ ਮੌਲਿਕਤਾ ਅਤੇ ਵਿਗਿਆਨਿਕਤਾ ਕਾਇਮ ਰੱਖਣੀ ਜ਼ਰੂਰੀ ਹੈ। ਉਨ੍ਹਾਂ ਅਜੋਕੇ ਸਮੇਂ ਵਿੱਚ ਗੁਰਮੁਖੀ ਦੇ ਡਾਟਾ ਨੂੰ ਅਮੀਰ ਕਰਨ ਲਈ ਇਸ ਨੂੰ ਇਲੈਕਟ੍ਰਾਨਿਕ ਮੀਡੀਆ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਦੀ ਧਰਤੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਬਾਲ-ਬੋਧ ਪੜ੍ਹਾਉਂਦੇ ਸਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ‘ਫੋਨੈਮਿਕ’ (ਇਕ ਧੁਨੀ, ਇਕ ਅੱਖਰ) ਦੇ ਸਿਧਾਂਤ 'ਤੇ ਅਧਾਰਤ ਹੈ, ਜਿਸ ਕਾਰਨ ਇਹ ਦੁਨੀਆ ਦੀਆਂ ਹੋਰਨਾਂ ਲਿਪੀਆਂ ਨਾਲੋਂ ਵੱਖਰੀ ਤੇ ਪੂਰਨ ਹੈ। ਉਨ੍ਹਾਂ ਗੁਰਬਾਣੀ ਦੇ ਅਧਿਆਤਮਕ ਪ੍ਰਵਚਨ, ਗੁਰੂ ਸਾਹਿਬਾਨ ਦੀ ਭਾਸ਼ਾ-ਸ਼ੈਲੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਲਿਪੀ ਦੇ ਮਹੱਤਵ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਸ਼ਬਦ-ਜੋੜਾਂ ਦੀਆਂ ਸਮੱਸਿਆਵਾਂ, ਅੱਖਰਾਂ ਦੇ ਉਚਾਰਨ, ਮੁਹਾਰਨੀ ਅਤੇ ਉਨ੍ਹਾਂ ਦੇ ਅਕਾਰ (ਬਣਤਰ) ਬਾਰੇ ਅਹਿਮ ਨੁਕਤੇ ਸਾਂਝੇ ਕੀਤੇ। ਅਧਿਆਪਨ ਦੇ ਖੇਤਰ ਵਿੱਚ ਲਿਪੀ ਦੀ ਸਹੀ ਵਰਤੋਂ ਅਤੇ ਅੱਖਰਾਂ ਦੀ ਸਥਿਤੀ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ।

ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂ ਢੀਂਗਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਭਾਸ਼ਾ ਅਤੇ ਲਿਪੀ ਦੇ ਅੰਤਰ-ਸੰਬੰਧਾਂ 'ਤੇ ਡੂੰਘੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ‘ਸ਼ਬਦ’ ਇਕ ਅਹਿਮ ਜ਼ਰੀਆ ਹਨ, ਪਰ ਇਨ੍ਹਾਂ ਸ਼ਬਦਾਂ ਨੂੰ ਸਦੀਵੀ ਰੂਪ ਵਿੱਚ ਅੰਕਿਤ ਕਰਨ ਲਈ ‘ਗੁਰਮੁਖੀ ਲਿਪੀ’ ਗੁਰੂ ਸਾਹਿਬਾਨ ਦੀ ਇੱਕ ਮਹਾਨ ਬਖਸ਼ਿਸ਼ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਗੁਰਬਾਣੀ ਅਤੇ ਭਾਸ਼ਾ ਦਾ ਇਕ ਤਕਨੀਕੀ ਪੱਖ ਵੀ ਹੈ। ਗੁਰਮੁਖੀ ਲਿਪੀ ਤਕਨੀਕੀ ਰੂਪ ਵਿੱਚ ਗੁਰਬਾਣੀ ਦੀ ਸੰਰਚਨਾ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। ਇਹ ਲਿਪੀ ਕੇਵਲ ਅੱਖਰਾਂ ਦਾ ਸਮੂਹ ਨਹੀਂ, ਸਗੋਂ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਲਿਖਤ ਦਾ ਵਿਗਿਆਨਕ ਆਧਾਰ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਜਮਾਤਾਂ ਵਿੱਚ ਪੜ੍ਹਾਉਂਦੇ ਸਮੇਂ ਬਾਣੀ ਦੇ ਸ਼ੁੱਧ ਉਚਾਰਨ ਅਤੇ ਲਗਾਂ-ਮਾਤਰਾਂ ਦੀ ਸਹੀ ਵਰਤੋਂ 'ਤੇ ਜ਼ੋਰ ਦੇਣ। ਮਾਤਰਾਵਾਂ ਦਾ ਸੂਖਮ ਗਿਆਨ ਹੀ ਭਾਸ਼ਾ ਦੇ ਅਸਲ ਅਰਥਾਂ ਅਤੇ ਪ੍ਰਭਾਵ ਨੂੰ ਸਪੱਸ਼ਟ ਕਰਦਾ ਹੈ ਅਤੇ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਉਸ ਦੇ ਵਿਆਕਰਨਕ ਪੱਖਾਂ ਦਾ ਗਹਿਰਾ ਅਧਿਐਨ ਲਾਜ਼ਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਸ਼ਾ ਵਿੱਚ ‘ਮਿਠਾਸ’ ਅਤੇ ‘ਨਿਮਰਤਾ’ ਦੇ ਗੁਣ ਨੂੰ ਧਾਰਨ ਕਰਨ ਦੀ ਲੋੜ 'ਤੇ ਵੀ ਬਲ ਦਿੱਤਾ, ਤਾਂ ਜੋ ਸੰਚਾਰ ਵਧੇਰੇ ਸਾਰਥਕ ਹੋ ਸਕੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਲਿਪੀ ਦੇ ਹਰ ਪਹਿਲੂ ਬਾਰੇ ਮੁਕੰਮਲ ਗਿਆਨ ਹੋਣਾ ਇਕ ਸੂਝਵਾਨ ਅਧਿਆਪਕ ਅਤੇ ਵਿਦਿਆਰਥੀ ਲਈ ਬੇਹੱਦ ਜ਼ਰੂਰੀ ਹੈ, ਤਾਂ ਜੋ ਸਾਡੀ ਮਾਂ-ਬੋਲੀ ਦਾ ਸਰੂਪ ਨਿਰੰਤਰ ਨਿੱਖਰਦਾ ਰਹੇ।

ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਜਗਤਾਰ ਸਿੰਘ ਸੋਖੀ ਨੇ  ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀਆਂ ‘ਧੁਨੀਆਂ’ ਦੇ ਸ਼ੁੱਧ ਉਚਾਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅਜੋਕੀ ਪੀੜ੍ਹੀ ਆਪਣੇ ਭਾਸ਼ਾਈ ਮੂਲ ਨਾਲੋਂ ਟੁੱਟ ਰਹੀ ਹੈ, ਜਿਸ ਕਾਰਨ ਲਗਾਂ-ਮਾਤਰਾਂ ਦਾ ਉਚਾਰਨ ਅਤੇ ਮਹੱਤਵ ਲਗਾਤਾਰ ਘਟ ਰਿਹਾ ਹੈ। ਇਸ ਤੋਂ ਇਲਾਵਾ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਜੀ-ਬੋਰਡ ਵਰਗੇ ਆਧੁਨਿਕ ਸਾਧਨਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਡਿਜੀਟਲ ਦੁਨੀਆ ਵਿੱਚ ਆਪਣੀ ਹੋਂਦ ਬਚਾਉਣੀ ਹੈ, ਤਾਂ ਸਾਨੂੰ ਇਨ੍ਹਾਂ ਤਕਨੀਕੀ ਸਾਧਨਾਂ ਦੀ ਵਰਤੋਂ ਪੰਜਾਬੀ ਲੇਖਣੀ ਲਈ ਵਧਾਉਣੀ ਪਵੇਗੀ। ਉਹਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਹਾਰਕ ਪੰਜਾਬੀ’ ਅਪਣਾਉਣ ਦੀ ਸਲਾਹ ਦਿੱਤੀ, ਜਿਸ ਵਿੱਚ ਸ਼ਬਦ-ਜੋੜਾਂ ਦੀ ਸ਼ੁੱਧਤਾ ਸਭ ਤੋਂ ਅਹਿਮ ਹੈ। ਉਹਨਾਂ ਅਨੁਸਾਰ ਗਲਤ ਸ਼ਬਦ-ਜੋੜ ਭਾਸ਼ਾ ਦੇ ਅਰਥਾਂ ਨੂੰ ਵਿਗਾੜ ਦਿੰਦੇ ਹਨ। ਭਾਸ਼ਾ ਦੀ ਸੁੰਦਰਤਾ ਅਤੇ ਸਪੱਸ਼ਟਤਾ ਲਈ ਉਹਨਾਂ ਨੇ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ 'ਤੇ ਵਿਸ਼ੇਸ਼ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਸ਼ਰਾਮ ਚਿੰਨ੍ਹ ਹੀ ਲਿਖਤ ਵਿੱਚ ਭਾਵਾਂ ਦਾ ਸਹੀ ਸੰਚਾਰ ਕਰਦੇ ਹਨ। ਭਾਸ਼ਾ ਨੂੰ ਜਿਊਂਦਾ ਰੱਖਣ ਲਈ ਇਸ ਦੇ ਧੁਨੀ ਵਿਗਿਆਨ ਨੂੰ ਸਮਝਣਾ ਜ਼ਰੂਰੀ ਹੈ। ਸਾਨੂੰ ਆਪਣੀਆਂ ਪਰੰਪਰਾਗਤ ਧੁਨੀਆਂ ਅਤੇ ਉਚਾਰਨ ਸ਼ੈਲੀ ਨੂੰ ਤਿਆਗਣਾ ਨਹੀਂ ਚਾਹੀਦਾ, ਸਗੋਂ ਉਸ ਨੂੰ ਮਾਣ ਨਾਲ ਅਪਣਾਉਣਾ ਚਾਹੀਦਾ ਹੈ।

ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ  ਜਸਵੰਤ ਸਿੰਘ ਜ਼ਫ਼ਰ ਨੇ ਸੈਮੀਨਾਰ ਦੇ ਵਿਸ਼ੇ 'ਤੇ ਬੋਲਦਿਆਂ ਬਹੁਤ ਹੀ ਸੂਖਮ ਅਤੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਗੁਰਮੁਖੀ ਲਿਪੀ ਨੂੰ ਕੇਵਲ ਚਿੰਨ੍ਹਾਂ ਦਾ ਸਮੂਹ ਨਹੀਂ, ਸਗੋਂ ਪੰਜਾਬੀ ਜਨ-ਮਾਨਸ ਦੀ ਰੂਹਾਨੀ ਅਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਦੱਸਿਆ। ਗੁਰਮੁਖੀ ਲਿਪੀ ਦਾ ਵਿਕਾਸ ਗੁਰੂ ਸਾਹਿਬਾਨ ਦੀ ਉਸ ਦੂਰਅੰਦੇਸ਼ੀ ਦਾ ਸਿੱਟਾ ਹੈ, ਜਿਸ ਨੇ ਆਮ ਲੋਕਾਂ ਨੂੰ ਆਪਣੀ ਬੋਲੀ ਵਿੱਚ ਗਿਆਨ ਹਾਸਲ ਕਰਨ ਦੇ ਸਮਰੱਥ ਬਣਾਇਆ।  ‘ਪੁਨਰ-ਚਿੰਤਨ’ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਲਿਪੀ ਨੂੰ ਅਜੋਕੇ ਦੌਰ ਦੀਆਂ ਚੁਣੌਤੀਆਂ ਅਨੁਸਾਰ ਢਾਲਣਾ ਪਵੇਗਾ ਅਤੇ ਇਹ ਭਰੋਸਾ ਦਿਵਾਇਆ ਕਿ ਭਾਸ਼ਾ ਵਿਭਾਗ ਪੰਜਾਬੀ ਮਾਂ-ਬੋਲੀ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਲਿਖਤ ਵਿੱਚ ਸ਼ੁੱਧਤਾ ਅਤੇ ਸੁਹਜ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਭਵਿੱਖ ਵਿੱਚ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਨਿਰੰਤਰ ਰੂਪ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਗੁਰਮੁਖੀ ਲਿਪੀ ਤੇ ਭਾਸ਼ਾ ਨੂੰ ਸਮਰਪਿਤ ਕਲਾਤਮਿਕ ਅਤੇ ਸਾਹਿਤਿਕ ਸਮਾਗਮ ਕਰਵਾਇਆ ਜਾਵੇਗਾ।

ਮੰਚ ਸੰਚਾਲਨ ਬੇਹੱਦ ਢੁੱਕਵੇ ਅਤੇ ਸਹਿਜ ਰੂਪ ਵਿੱਚ ਡਾ. ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ ਜਿਸ ਵਿੱਚ ਉਹ ਸਮਾਗਮ ਦੇ ਵਿਸ਼ੇ ਬਾਰੇ ਵੀ ਆਪਣੀਆਂ ਟਿੱਪਣੀਆਂ ਕਰਦੇ ਰਹੇ। ਸਮਾਗਮ ਦੀ ਸਫ਼ਲਤਾ ਵਿੱਚ ਡਾ. ਅਰਜਿੰਦਰ ਕੌਰ ਨੇ ਬਤੌਰ ਕੋਆਰਡੀਨੇਟਰ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੋ ਰੋਜ਼ਾ ਸਮਾਗਮ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਜਗਤਾਰ ਸਿੰਘ ਸੋਖੀ ਦੀਆਂ ਕਲਾਤਮਿਕ ਕਿਰਤਾਂ ਦੀਆਂ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ।

ਅੰਤ 'ਤੇ ਭਾਸ਼ਾ ਵਿਭਾਗ ਵੱਲੋਂ ਆਏ ਹੋਏ ਵਿਸ਼ਾ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ  ਅੱਖਰਕਾਰੀ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ, ਡਾ. ਬਲਬੀਰ ਕੌਰ ਪੰਧੇਰ, ਚੇਤਨ ਕੁਮਾਰ,ਵਿਨੋਦ ਕੁਮਾਰ, ਮਾਸਟਰ ਬਲਦੇਵ  ਸਿੰਘ ਖੁੱਲਰ, ਹੋਰ ਪਤਵੰਤੇ ਸੱਜਣ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ । 

Advertisement

Latest News

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
ਚੰਡੀਗੜ੍ਹ 29 ਮਾਰਚ, 2026:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਚੌਕੀ ਕਿਚਲੂ ਨਗਰ, ਥਾਣਾ...
ਅੰਮ੍ਰਿਤਸਰ ਵਿੱਚ ਗੋਲਡੀ ਢਿੱਲੋਂ ਮਾਡਿਊਲ ਨਾਲ ਸਬੰਧਤ ਦੋ ਆਧੁਨਿਕ ਸਬ-ਮਸ਼ੀਨ ਗਨਾਂ ਬਰਾਮਦ
ਕਿਸਾਨ ਪੈਦਾਵਾਰ ਤੋਂ ਪੋਸ਼ਣ ਵੱਲ: ਕਣਕ ਦੀਆਂ ਵੱਧ ਪੋਸ਼ਕ ਤੱਤਾਂ ਵਾਲੀਆਂ ਕਿਸਮਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ
ਭਾਸ਼ਾ ਵਿਭਾਗ ਵੱਲੋਂ ਹਰ ਸਾਲ ਖਡੂਰ ਸਾਹਿਬ ਵਿਖੇ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ - ਜਸਵੰਤ ਸਿੰਘ ਜ਼ਫ਼ਰ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 77823 ਵਿਅਕਤੀਆਂ ਦੀ ਹੋਈ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਰਸਾਨਾ ਧਾਮ ਤੋਂ ਵ੍ਰਿੰਦਾਵਨ ਧਾਮ ਤਕ ਭਗਤੀਮਈ ਯਾਤਰਾ; ਸੁਨਾਮ ਲਈ ਪਵਿੱਤਰ ਅਖੰਡ ਜਯੋਤੀ ਰਵਾਨਾ
ਪਿੰਡ ਦਸੌਦਾ ਸਿੰਘ ਵਾਲਾ ਵਿੱਚ ਮਾਡਲ ਪਲੇਅ ਗਰਾਊਂਡ ਦੇ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ