ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 77823 ਵਿਅਕਤੀਆਂ ਦੀ ਹੋਈ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ
By Azad Soch
On
ਬਰਨਾਲਾ, 29 ਮਾਰਚ
ਪੰਜਾਬ ਸਰਕਾਰ ਵਲੋਂ ਪ੍ਰਤੀ ਪਰਿਵਾਰ 10 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦੇਣ ਲਈ ਚਲਾਈ ਜਾ ਰਹੀ "ਮੁੱਖ ਮੰਤਰੀ ਸਿਹਤ ਯੋਜਨਾ" ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਰਜਿਸਟ੍ਰੇਸ਼ਨ ਜਾਰੀ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ "ਮੁੱਖ ਮੰਤਰੀ ਸਿਹਤ ਯੋਜਨਾ" ਤਹਿਤ ਜ਼ਿਲ੍ਹਾ ਬਰਨਾਲਾ ਵਿੱਚ 8 ਜਨਵਰੀ ਤੋਂ ਹੁਣ ਤੱਕ 77823 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਸਕੀਮ ਤਹਿਤ ਕਾਮਨ ਸਰਵਿਸ ਸੈਂਟਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਜ਼ਾਨਾ ਕੈਂਪ ਲਗਾ ਨੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਸਿਵਲ ਹਸਪਤਾਲ ਬਰਨਾਲਾ, ਸਬ-ਡਵਿਜ਼ਨਲ ਹਸਪਤਾਲ ਤਪਾ, ਸੀ.ਐਚ.ਸੀ ਧਨੌਲਾ, ਸੀ.ਐਚ.ਸੀ ਮਹਿਲ ਕਲਾਂ, ਸੀ.ਐਚ.ਸੀ ਭਦੌੜ, ਸੀ.ਐਚ.ਸੀ ਚੰਨਣਵਾਲ ਤੋਂ ਇਲਾਵਾ 10 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ਵਿਚ ਤੱਥਗੁਰੂ ਹਸਪਤਾਲ, ਡਾ. ਪਰਦੀਪ ਸ਼ਰਮਾ ਹਸਪਤਾਲ, ਡਾ. ਨਰੇਸ਼ ਹਸਪਤਾਲ ਅਤੇ ਹਾਰਟ ਸੈਂਟਰ, ਪੰਜਾਬ ਆਈ ਹਸਪਤਾਲ, ਤ੍ਰਿਲੋਕੀ ਆਈ ਹਸਪਤਾਲ ਅਤੇ ਰੈਟੀਨਾ ਸੈਂਟਰ, ਲਾਈਫਲਾਈਨ ਮਲਟੀ ਸਪੈਸ਼ਲਿਟੀ ਹਸਪਤਾਲ, ਗੁਰੂ ਨਾਨਕ ਡਾਇਲਸਿਸ ਸੈਂਟਰ, ਹਰੀਓਮ ਹਸਪਤਾਲ, ਭੀਮ ਨਰਸਿੰਗ ਹੋਮ ਅਤੇ ਸਿੰਗਲਾ ਹਸਪਤਾਲ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਨਾਬਾਲਗ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਜ਼ਰੂਰ ਲਿਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਐੱਸ ਡੀ ਐੱਮ ਦਫ਼ਤਰ ਤਪਾ, ਐੱਸ ਡੀ ਐੱਮ ਦਫ਼ਤਰ ਮਹਿਲ ਕਲਾਂ ਦੇ ਵਿਸ਼ੇਸ਼ ਕੈਂਪਾਂ ਤੋਂ ਇਲਾਵਾ 21 ਪਿੰਡਾਂ/ਵਾਰਡਾਂ ਵਿਚ ਕੈਂਪ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਵਿਚ ਵੀ ਕਾਰਡ ਬਣਾਉਣ ਦੀ ਸਹੂਲਤ ਹੈ।
ਓਹਨਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ।
Related Posts
Latest News
29 Mar 2026 19:34:59
ਚੰਡੀਗੜ੍ਹ, 29 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ 'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 68ਵੇਂ...

