ਪੀ.ਏ.ਯੂ. ਵਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਕਿਸਾਨ ਮੇਲੇ ਨੇ ਕਿਸਾਨਾਂ ਨੂੰ ਨਵੀਆਂ ਖੇਤੀ ਵਿਧੀਆਂ ਨਾਲ ਜੋੜਿਆ

ਪੀ.ਏ.ਯੂ. ਵਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਕਿਸਾਨ ਮੇਲੇ ਨੇ ਕਿਸਾਨਾਂ ਨੂੰ ਨਵੀਆਂ ਖੇਤੀ ਵਿਧੀਆਂ ਨਾਲ ਜੋੜਿਆ

 
ਗੁਰਦਾਸਪੁਰ, 13 ਮਾਰਚ (                ) - ਪੀ.ਏ.ਯੂ. ਦੇ  ਕਿਸਾਨ ਮੇਲਿਆਂ ਦੀ ਲੜੀ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਹਲਕਾ ਇੰਚਾਰਜ ਦੀਨਾਨਗਰ ਸ੍ਰੀ ਸ਼ਮਸ਼ੇਰ ਸਿੰਘ ਅਤੇ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ, ਵਿਸ਼ੇਸ਼ ਮਹਿਮਾਨਾਂ ਵਜੋਂ ਹੋਰ ਪਤਵੰਤਿਆਂ ਨਾਲ ਮੇਲਾ ਮੰਚ ਉੱਪਰ ਹਾਜ਼ਿਰ ਰਹੇ। 

ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਦੀ ਮੰਗ ਅਨੁਸਾਰ ਬੀਜਾਂ ਦੀ ਦੁਕਾਨ ਖੇਤਰੀ ਖੋਜ ਕੇਂਦਰ ਦੇ ਗੇਟ ਉੱਪਰ ਖੋਲ੍ਹੀ ਗਈ ਹੈ ਤੇ ਇਹ ਕਿਸਾਨਾਂ ਦੀ ਸੇਵਾ ਕਰਨ ਦਾ ਉਪਰਾਲਾ ਹੈ। ਉਨ੍ਹਾਂ ਕਿਸਾਨਾਂ ਨੂੰ ਚਾਲੂ ਸੀਜ਼ਨ ਦੀਆਂ ਫ਼ਸਲਾਂ ਦੇ ਪ੍ਰਦਰਸ਼ਨ ਵੇਖਣ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਲਈ ਲੋੜੀਂਦਾ ਸਾਹਿਤ ਖਰੀਦ ਕੇ ਲਿਜਾਣ ਲਈ ਕਿਹਾ। ਡਾ ਗੋਸਲ ਨੇ ਕਿਹਾ ਕਿ ਖੇਤੀ ਖਰਚੇ ਘਟਾਉਣ ਲਈ ਖੋਜ ਪੀ ਏ ਯੂ ਦਾ ਮੰਤਵ ਹੈ ਇਸੇ ਲਈ ਇਸ ਸਾਲ ਝੋਨੇ ਦੀ ਨਵੀਂ ਕਿਸਮ ਪੀ ਆਰ 132 ਨੂੰ ਜਾਰੀ ਕੀਤਾ ਗਿਆ ਹੈ। ਇਹ ਕਿਸਮ ਖਾਦ ਦੀ ਘੱਟ ਵਰਤੋਂ ਨਾਲ ਵੀ ਵੱਧ ਝਾੜ ਦੇ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਹਰ ਹਾਲ 15 ਜੁਲਾਈ ਤੋਂ ਪਹਿਲਾਂ ਝੋਨਾ ਲਾਉਣ ਅਤੇ ਯੂਨੀਵਰਸਿਟੀ ਦੀਆਂ ਕਿਸਮਾਂ ਬੀਜਣ ਲਈ ਕਿਹਾ ਅਤੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਝੋਨੇ ਦੇ ਕਿਸੇ ਹਾਈਬ੍ਰਿਡ ਬੀਜ ਜਾਂ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਲਾਕੇ ਦੀ ਪ੍ਰਮੁੱਖ ਫਸਲ ਬਾਸਮਤੀ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਪਾਬੰਦੀਸ਼ੁਦਾ ਰਸਾਇਣਾਂ ਬਾਰੇ ਜਾਣਕਾਰੀ ਲਈ ਪੀ ਏ ਯੂ ਮਾਹਿਰਾਂ ਨਾਲ ਸੰਪਰਕ ਬਣਾਉਣ ਤਾਂ ਜੋ ਰਸਾਇਣਾਂ ਦੀ ਰਹਿੰਦ ਖੂਹੰਦ ਦੀ ਮਾਤਰਾ ਨਿਰਯਾਤ ਵਿਚ ਰੁਕਾਵਟ ਨਾ ਬਣ ਸਕੇ। ਪਰਾਲੀ ਦੀ ਸੁਚੱਜੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਨੇ ਕੰਬਾਈਨ ਨਾਲ ਡਰਿੱਲ ਜੋੜ ਕੇ ਬਿਜਾਈ ਕਰਨ ਵਾਲੀ ਤਕਨੀਕ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਆਮ ਕਿਸਾਨ ਤਕ ਪੁਚਾਉਣ ਦੇ ਯਤਨ ਜਾਰੀ ਹਨ ਅਤੇ ਆਸ ਹੈ ਕਿ ਇਸ ਨਾਲ ਪਰਾਲੀ ਦੀ ਸੰਭਾਲ ਦਾ ਮੁੱਦਾ ਹੱਲ ਹੋ ਸਕੇਗਾ। ਫਸਲਾਂ ਨੂੰ ਰੂੜੀ ਅਤੇ ਜੀਵਾਣੂ ਖਾਦਾਂ ਪਾਉਣ, ਸਬਜ਼ੀਆਂ, ਦਾਲਾਂ, ਚਾਰਿਆਂ ਦੀਆਂ ਕਿੱਟਾਂ ਖਰੀਦਣ ਅਤੇ ਖੇਤੀ ਸਾਹਿਤ ਨਾਲ ਜੁੜਨ ਨੂੰ ਵੀ ਉਨ੍ਹਾਂ ਅਜੋਕੇ ਸਮੇਂ ਦੀ ਲੋੜ ਆਖਿਆ। ਉਨ੍ਹਾਂ ਆਖਿਆ ਕਿ ਆਉਂਦੀਆਂ ਨਸਲਾਂ ਨੂੰ ਖੇਤੀ ਨਾਲ ਜੋੜਨ ਲਈ ਖੇਤੀ ਨੂੰ ਕਾਰੋਬਾਰੀ ਲੀਹਾਂ ਉੱਪਰ ਤੋਰਨਾ ਜ਼ਰੂਰੀ ਹੈ। ਇਸ ਕਾਰਜ ਵਾਸਤੇ ਲੋੜੀਂਦੀਆਂ ਖੇਤੀ ਸਿਖਲਾਈਆਂ ਦੇਣ ਖਾਤਰ ਯੂਨੀਵਰਸਿਟੀ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ। ਗੁਰਦਾਸਪੁਰ ਦੇ ਖੇਤੀ ਸੰਸਥਾਨ ਵਿਚ ਸਥਾਨਕ ਵਿਦਿਆਰਥੀਆਂ ਦੇ ਦਾਖਲੇ ਲਈ ਵੀ ਡਾ ਗੋਸਲ ਨੇ ਇਲਾਕੇ ਦੇ ਲੋਕਾਂ ਅਤੇ ਮਾਪਿਆਂ ਨੂੰ ਹੰਭਲਾ ਮਾਰਨ ਦੀ ਤਾਕੀਦ ਕੀਤੀ।  ਅੰਤ ਵਿੱਚ ਡਾ ਗੋਸਲ ਨੇ ਕਿਸਾਨਾਂ ਨੂੰ ਡਿਜੀਟਲ ਪਲੇਟਫਾਰਮਾਂ ਰਾਹੀਂ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਦਾ ਲਾਹਾ ਲੈਣ ਅਤੇ ਆਪਣੀ ਖੇਤੀ ਵਿੱਚ ਨਵੀਆਂ ਤਕਨੀਕਾਂ ਸ਼ਾਮਿਲ ਕਰਨ ਦੀ ਅਪੀਲ ਕੀਤੀ । ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਆਉਂਦੀ ਵਾਢੀ ਦੇ ਦਿਨੀਂ ਅਨੁਕੂਲ ਮੌਸਮ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਮੇਲੇ ਖੇਤੀ ਗਿਆਨ ਪ੍ਰਸਾਰ ਦਾ ਸੋਮਾ ਹਨ ਅਤੇ ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਕਿਸਾਨਾਂ ਤਕ ਲਿਆ ਕੇ ਆਮ ਕਿਸਾਨ ਤਕ ਪਹੁੰਚ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਹੈ। ਸ਼੍ਰੀ ਬਹਿਲ ਨੇ ਯੂਨੀਵਰਸਿਟੀ ਮਾਹਿਰਾਂ ਦਾ ਧੰਨਵਾਦ ਕੀਤਾ ਜੋ ਆਪਣੇ ਗਿਆਨ ਨੂੰ ਖੇਤੀਕਾਰਾਂ ਨਾਲ ਸਾਂਝੇ ਕਰਦੇ ਹਨ। ਇਸ ਖੋਜ ਕੇਂਦਰ ਦੀ ਅਹਿਮੀਅਤ ਬਾਰੇ ਜ਼ਿਕਰ ਕਰਦਿਆਂ ਸ਼੍ਰੀ ਬਹਿਲ ਨੇ ਇਲਾਕੇ ਦੇ ਕਿਸਾਨਾਂ ਦੀ ਤਰੱਕੀ ਅਤੇ ਜਾਣਕਾਰੀ ਵਿਚ ਵਾਧੇ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਅਤੇ ਮੁਨਾਫੇ ਵਾਲਾ ਕਿੱਤਾ ਬਣਾਉਣ ਲਈ ਪੀ ਏ ਯੂ ਨਿਰੰਤਰ ਕੋਸ਼ਿਸ਼ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਅਤੇ ਖਰਚੇ ਘੱਟ ਕਰਨ ਲਈ ਸਬਜ਼ੀਆਂ ਅਤੇ ਫਲਾਂ ਦੀ ਪਰਿਵਾਰਕ ਪੱਧਰ ਤੇ ਕਾਸ਼ਤ ਕਰਨ ਲਈ  ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਇਸ ਕੇਂਦਰ ਨੂੰ ਸਬਜ਼ੀ ਦੀ ਪਨੀਰੀ ਦਾ ਕੇਂਦਰ ਬਣਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ। 

 ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਇਲਾਕੇ ਦੇ ਲੋਕਾਂ ਨੂੰ ਖੇਤਰੀ ਖੋਜ ਕੇਂਦਰ ਜਾ ਖੇਤੀ ਸੇਵਾ ਅਤੇ ਸਥਾਨਕ ਖੇਤੀ ਸੰਸਥਾਨ ਦਾ ਖੇਤੀ ਸਿੱਖਿਆ ਲਈ ਲਾਹਾ ਲੈਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਵਲੋਂ ਖੇਤੀ ਕਿਸਾਨੀ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਅੰਕਿਤ ਕੀਤਾ ਅਤੇ ਮੌਜੂਦਾ ਸਮੇਂ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਤੋਂ ਪਹਿਲਾਂ ਹਰ ਹਾਲ ਮਿੱਟੀ ਪਰਖ ਕਰਾਉਣ ਅਤੇ ਪਾਣੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਤਕਨੀਕਾਂ ਉੱਪਰ ਅਮਲ ਕਰਨ ਲਈ ਡਾ ਅਸ਼ੋਕ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪ੍ਰੇਰਕ ਸ਼ਬਦ ਆਖੇ।  ਕਣਕ ਦੇ ਨਾੜ ਅਤੇ ਪਰਾਲੀ ਨੂੰ ਖੇਤ ਵਿਚ ਵਾਹ ਕੇ ਮਿੱਟੀ ਦੇ ਉਪਜਾਊਪਣ ਵਾਸਤੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਨੇ ਬਾਸਮਤੀ ਵਿਚ ਸਿਫਾਰਿਸ਼ਾਂ ਅਨੁਸਾਰ ਹੀ ਰਸਾਇਣਾਂ ਦੀ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਵੈ ਮੰਡੀਕਰਨ ਸਮੇਂ ਦੀ ਲੋੜ ਹੈ ਤੇ ਜਿਣਸਾਂ ਤੋਂ ਉਤਪਾਦਾਂ ਦੇ ਨਿਰਮਾਣ ਲਈ ਪੀ ਏ ਯੂ ਦੀਆਂ ਸਿਖਲਾਈਆਂ ਨਾਲ ਜੁੜਨਾ ਬੜਾ ਲਾਜ਼ਮੀ ਹੈ। 
ਹਲਕਾ ਦੀਨਾਨਗਰ ਦੇ ਇੰਚਾਰਜ ਸ਼੍ਰੀ ਸ਼ਮਸ਼ੇਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਨਵੀਆਂ ਖੋਜਾਂ ਤੋਂ ਜਾਣੂ ਹੋਣ ਲਈ ਯੂਨੀਵਰਸਿਟੀ ਮਾਹਿਰਾਂ ਨਾਲ ਜੁੜਨ ਅਤੇ ਬੂਟੇ ਅਤੇ ਬੀਜ ਭਰੋਸੇਯੋਗ ਸਰੋਤਾਂ ਤੋਂ ਖਰੀਦਣ ਲਈ ਅਪੀਲ ਕੀਤੀ। 

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਸਾਉਣੀ ਸੀਜ਼ਨ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 969 ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ।  ਇਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਉੱਪਰ ਕਾਸ਼ਤ ਲਈ ਹੋਈ ਹੈ। ਇਸਦਾ ਮੰਤਵ ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਪੱਖੋਂ ਵੱਧ ਮੁਨਾਫੇ ਲਈ ਬਿਹਤਰ ਕਿਸਮਾਂ ਉਪਲਬਧ ਕਰਾਉਣਾ ਹੈ। ਹਰ ਵਾਰ ਕਿਸਾਨ ਮੇਲਿਆਂ ਵਿਚ ਆਉਂਦੇ ਫਸਲੀ ਸੀਜ਼ਨ ਲਈ ਸਿਫਾਰਿਸ਼ਾਂ ਸਾਮ੍ਹਣੇ ਲਿਆਈਆਂ ਜਾਂਦੀਆਂ ਹਨ। ਆਉਂਦੇ ਸਾਉਣੀ ਸੀਜ਼ਨ ਦੌਰਾਨ ਨਵੀਆਂ ਕਿਸਮਾਂ ਵਿਚ ਉਹਨਾਂ ਝੋਨੇ ਦੀ ਦਰਮਿਆਨ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ-132 ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕਿਸਮ ਲਈ ਹੋਰ ਕਿਸਮਾਂ ਨਾਲੋਂ  ਘੱਟ ਨਾਈਟਰੋਜਨ ਖਾਦ ਦੀ ਲੋੜ ਹੈ।  ਲੁਆਈ ਤੋਂ 111 ਦਿਨਾਂ ਬਾਅਦ ਪੱਕ ਕੇ ਤਿਆਰ ਹੋਣ ਵਾਲੀ ਇਸ ਕਿਸਮ ਦੇ ਚੌਲ ਮਿਲਿੰਗ ਲਈ ਵਧੀਆ ਅਤੇ ਮਿਆਰੀ ਹਨ ਅਤੇ ਔਸਤਨ ਝਾੜ ਸਾਢੇ 31 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ। 

ਡਾ ਢੱਟ ਨੇ ਮੱਕੀ ਦੀ ਫਸਲ ਦਾ ਜ਼ਿਕਰ ਕਰਦਿਆਂ  ਨਵੀਂ ਕਿਸਮ ਪੀਐਮਐਚ -17 ਬਾਰੇ ਦੱਸਿਆ। ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਦਾਣਿਆਂ ਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਇਹ ਕਿਸਮ ਚਾਰੇ ਲਈ ਵੀ ਵਧੀਆ ਅਤੇ ਇਥੇਨੌਲ ਲਈ ਬੇਹੱਦ ਢੁਕਵੀਂ ਅਤੇ ਫਾਲ ਆਰਮੀਵਰਮ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਵਾਲੀ ਹੈ।

ਉਨਾਂ ਨੇ ਹੋਰ ਕਿਸਮਾਂ ਵਿੱਚ ਪੁਦੀਨੇ ਦੀ ਕਿਸਮ ਸਿਮ ਉੱਨਤੀ ਅਤੇ ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1 ਬਾਰੇ ਵੀ ਦੱਸਿਆ। ਸਬਜ਼ੀਆਂ ਵਿਚ ਆਲੂਆਂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ-103 ਅਤੇ ਪੰਜਾਬ ਪੋਟੈਟੋ -104 ਤੋਂ ਇਲਾਵਾ ਗੋਭੀ ਦੀ ਕਿਸਮ -2527, ਸੰਤਰੀ ਗਾਜਰ ਦੀ ਕਿਸਮ ਪੀ ਸੀ ਓ -2 ਅਤੇ ਫਰਾਂਸ ਬੀਨ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਦੱਸਿਆ। ਫਲਾਂ ਵਿਚ ਰਸਭਰੀ ਦੀਆਂ ਨਵੀਆਂ ਕਿਸਮਾਂ ਅਤੇ ਗਰੇਪਫਰੂਟ ਦੇ ਗੁਣਾਂ ਬਾਰੇ ਵੀ ਦੱਸਿਆ। ਨਾਲ ਹੀ ਉਨ੍ਹਾਂ ਗੁਲਦਾਊਦੀ ਦੀਆਂ ਨਵੀਆਂ ਕਿਸਮਾਂ ਬਾਰੇ ਦੱਸਦਿਆਂ ਫੁੱਲਾਂ ਦੀ ਖੇਤੀ ਨਾਲ ਜੁੜਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਉੱਪਰ ਵੀ ਰੌਸ਼ਨੀ ਪਾਈ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਕਿਸਾਨ ਮੇਲੇ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਦਾ ਉਦੇਸ਼ ਵਿਗਿਆਨਕ ਖੇਤੀ ਵਿਧੀਆਂ ਦੀ ਵਰਤੋਂ  ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ। ਪੀ ਏ ਯੂ ਵਲੋਂ ਕੀਤੀ ਗਈ ਖੋਜ ਨੂੰ ਕਿਸਾਨਾਂ ਤਕ ਪੁਚਾਉਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਹ ਮੇਲੇ ਪ੍ਰਮੁੱਖ ਹਨ। ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਯੂਨੀਵਰਸਿਟੀ ਦੀਆਂ ਸਿਖਲਾਈ ਸਹੂਲਤਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਹੋਰ ਕਿਸਾਨਾਂ ਨੂੰ ਇਸ ਉਪਰਾਲੇ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ। 

ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਅਮਰੀਕ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ।  ਉਨ੍ਹਾਂ ਨੇ ਖੇਤੀ ਵਿਭਿੰਨਤਾ ਲਈ ਪੀ ਏ ਯੂ ਨਾਲ ਮਿਲ ਕੇ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਵੀ ਕੀਤਾ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੁੜਨ ਲਈ ਕਿਹਾ ਤੇ ਇਸ ਸੰਬੰਧ ਵਿੱਚ ਖੇਤੀ ਜਾਣਕਾਰੀ ਲਈ ਵਿਭਾਗ ਨਾਲ ਸੰਪਰਕ ਵਿਚ ਰਹਿਣ ਦੀ ਤਾਕੀਦ ਕੀਤੀ।

ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਸਾਉਣੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

 ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਹਰਪਾਲ ਸਿੰਘ ਰੰਧਾਵਾ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ। ਗੁਰਦਾਸਪੁਰ ਦੇ ਖੇਤੀ ਸੰਸਥਾਨ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪੰਜਾਬ ਦੇ ਲੋਕ ਨਾਚ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਮੇਲੇ  ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ । ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।

Tags:

Advertisement

Latest News

ਪੁਲਿਸ ਵਲੋਂ ਅੰਤਰਰਾਜੀ ਨਾਕੇ ਲਗਾ ਕੇ ਕੀਤੀ ਵਾਹਨਾਂ ਦੀ ਚੈਕਿੰਗ ਪੁਲਿਸ ਵਲੋਂ ਅੰਤਰਰਾਜੀ ਨਾਕੇ ਲਗਾ ਕੇ ਕੀਤੀ ਵਾਹਨਾਂ ਦੀ ਚੈਕਿੰਗ
ਨੰਗਲ 24 ਮਾਰਚ () ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ...
80 ਪਿੰਡਾਂ ਦੀਆਂ ਮਹਿਲਾ ਕਿਸਾਨਾਂ ਲਈ ਗਰਮੀ ਰੁੱਤ ਦੀਆਂ ਬੀਜ ਕਿੱਟਾ ਜਾਰੀ
ਪੰਜਾਬ ਸਰਕਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਸੰਪਰਕ ਪ੍ਰੋਗਰਾਮ ਸ਼ੁਰੂ
ਵਿਜੀਲੈਂਸ ਬਿਊਰੋ ਅਤੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਡੇਅਰੀਆਂ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ; ਜਾਂਚ ਲਈ ਨਮੂਨੇ ਕੀਤੇ ਇਕੱਤਰ
ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਨਤੀਜਾ ਰਿਹਾ ਸ਼ਾਨਦਾਰ
ਸ਼ਹਿਰ ਵਾਸੀਆਂ ਨੂੰ ਸਵੱਛਤਾ ਸਰਵੇਖਣ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਡਿਪਟੀ ਸਪੀਕਰ ਰੌੜੀ ਵੱਲੋਂ ਅਨੁਮਾਨ ਕਮੇਟੀ ਦੀ ਰਿਪੋਰਟ ਪੇਸ਼