ਜਨਮ ਦਿਹਾੜੇ ਤੇ ਵਿਸ਼ੇਸ਼:- ਪਰਜਾ ਮੰਡਲ ਦੇ ਨਾਇਕ-ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ
(ਜਨਮ ਦਿਹਾੜੇ ਤੇ ਵਿਸ਼ੇਸ਼)
ਪਰਜਾ ਮੰਡਲ ਦੇ ਨਾਇਕ - ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀ
(18 ਸਤੰਬਰ -1944)
ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ ਨੇ ਆਪਣੇ ਜੀਵਨ ਦੇ ਸੁਨਹਿਰੀ 30 ਵਰੇ ਰਜਵਾੜਾਸ਼ਾਹੀ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਲੜਦਿਆਂ ਜੇਲਾਂ ਦੀਆਂ ਕਾਲ ਕੋਠੜੀਆਂ, ਜਿਲਾ ਵਤਨੀਆਂ ਅਤੇ ਰੂਪੋਸ਼ੀਆਂ ਵਿੱਚ ਬਿਤਾਏ । ਇਸ ਤੋਂ ਇਲਾਵਾ ਜੁਰਮਾਨਿਆਂ ਦੇ ਇਵਜ ਵਿੱਚੋਂ ਸਾਰੀ ਜ਼ਮੀਨ -ਜਾਇਦਾਦ ਕੁਰਕ ਕਰਵਾਈ। ਆਪ ਦਾ ਜਨਮ ਰਿਆਸਤ ਪਟਿਆਲਾ ਵਰਤਮਾਨ ਜ਼ਿਲਾ ਸੰਗਰੂਰ (ਪੰਜਾਬ) ਦੇ ਇਤਿਹਾਸਿਕ ਪਿੰਡ ਲੌਂਗੋਵਾਲ ਵਿਖੇ 1896 ਵਿੱਚ ਪਿਤਾ ਰੂੜ ਸਿੰਘ ਅਤੇ ਮਾਤਾ ਬੱਸੋ ਦੇ ਘਰ ਹੋਇਆ। ਆਪ ਦਾ ਬਚਪਨ ਦਾ ਨਾਮ ਇੰਦਰ ਸਿੰਘ ਸੀ। 18 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋ ਗਏ ਆਪ ਜੀ ਨੇ ਬਰਮਾ ਵਿਖੇ ਪਹਿਲੀ ਸੰਸਾਰ ਜੰਗ ਵਿੱਚ ਭਾਗ ਲਿਆ ਆਪ ਦੀ ਚੇਤਨ ਬੁੱਧੀ ਅਤੇ ਹੁਸ਼ਿਆਰੀ ਨੇ ਇਹ ਅਨੁਭਵ ਕੀਤਾ ਕਿ ਅਸੀਂ ਅੰਗਰੇਜ਼ੀ ਫੌਜ ਵਿੱਚ ਕੰਮ ਕਰਕੇ ਅੰਗਰੇਜ਼ ਸਾਮਰਾਜ ਦੀਆਂ ਜੜਾਂ ਹੋਰ ਡੂੰਘੀਆਂ ਕਰ ਰਹੇ ਹਾਂ। ਸੋ ਆਪਣੇ 1996 ਵਿੱਚ ਅੰਗਰੇਜ਼ੀ ਫੌਜ ਵਿੱਚੋਂ ਭਗੌੜੇ ਹੋ ਗਏ ।
ਰਸਾਲੇ ਵਿੱਚੋਂ ਬਾਗੀ ਹੋ ਜਾਣ ਕਾਰਨ ਆਪ ਦੇ ਵਾਰੰਟ ਜਾਰੀ ਹੋ ਗਏ। ਆਪ ਨੇ ਆਪਣਾ ਨਾਮ ਇੰਦਰ ਸਿੰਘ ਤੋਂ ਬਦਲ ਕੇ ਭਗਵਾਨ ਸਿੰਘ ਰੱਖ ਲਿਆ ਅਤੇ ਆਪ ਸਾਧੂ ਦਾ ਭੇਸ ਵਟਾ ਕੇ ਨੇਪਾਲ ਦੇ ਰਸਤੇ ਰਾਹੀਂ ਭਾਰਤ ਪੁੱਜੇ । ਸਾਧੂ ਦੇ ਭੇਸ਼ ਵਿੱਚ ਹੀ ਪਰਾਗ ਰਾਜ( ਇਲਾਹਾਬਾਦ) ਆ ਕੇ ਰਹਿਣ ਲੱਗ ਪਏ ਆਪ ਇੰਨੇ ਜੋਸ਼ੀਲੇ ਸੀ ਕੇ ਆਪ ਨੇ ਇੱਥੇ ਇੱਕ ਅੰਗਰੇਜ਼ ਅਫਸਰ ਨੂੰ ਕੁੱਟ ਧਰਿਆ ਜਿਸ ਕਰਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪ ਦੇ ਕੇਸ ਦੀ ਪੈਰਵੀ ਪੰਡਤ ਮੋਤੀ ਲਾਲ ਨਹਿਰੂ ਨੇ ਕੀਤੀ ਇਸ ਕੇਸ ਵਿੱਚ ਆਪ ਨੂੰ ਨੌ ਮਹੀਨੇ ਕੈਦ ਹੋਈ ਜੋ ਆਪਣੇ ਨੈਣੀ ਜੇਲ ਵਿੱਚ ਕੱਟੀ ਜਦੋਂ ਆਪ ਇਹ ਕੈਦ ਕੱਟ ਕੇ ਬਾਹਰ ਆਏ ਤਾਂ ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ (1921-1925 ) ਪੂਰੇ ਜ਼ੋਰਾਂ ਤੇ ਸੀ ਆਪ ਇਸ ਲਹਿਰ ਵਿੱਚ ਕੁੱਦ ਪਏ ਅਤੇ ਇੱਕ ਉੱਘੇ ਰਾਜਸੀ ਵਰਕਰ ਬਣ ਗਏ 24 ਮਈ 1922 ਨੂੰ ਸ਼ੇਰਪੁਰ ਪਟਿਆਲਾ ਰਿਆਸਤ ਵਿਖੇ ਇੱਕ ਜੋਸ਼ੀਲੀ ਤਕਰੀਰ ਕਰਨ ਬਦਲੇ ਆਪ ਨੂੰ ਦੋ ਸਾਲ ਦੀ ਕੈਦ ਅਤੇ 1000 ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਅਜੇ ਆਪ ਰੂਪ ਹੋਸ਼ ਹੀ ਸਨ ਕੇ ਆਪ ਨੂੰ ਉਸੇ ਅਦਾਲਤ ਵੱਲੋਂ 27 ਜੂਨ 1922 ਨੂੰ ਤਾਜ਼ੀ ਰਾਹ ਤੇ ਹਿੰਦ ਦਫਾ 342 ਅਧੀਨ ਇੱਕ ਹੋਰ ਮੁਕਦਮੇ ਵਿੱਚ ਨੌ ਮਹੀਨੇ ਦੀ ਕੈਦ ਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਹੀਰੋਂ ਕਲਾਂ, ਤਹਿਸੀਲ ਮਾਨਸਾ ਜ਼ਿਲ੍ਹਾ ਬਰਨਾਲਾ ( ਉਸ ਸਮੇਂ )ਦੇ ਗੁਰਦੁਆਰੇ ਦੇ ਮਹੰਤ ਭਗਵਾਨ ਦਾਸ ਤੋਂ ਗੁਰਦੁਆਰੇ ਨੂੰ ਮੁਕਤ ਕਰਾਉਣ ਲਈ ਤਕੜੀ ਐਜੀਟੇਸ਼ਨ ਕੀਤੀ ਅਤੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ । ਮਹੰਤ ਅੰਗਰੇਜ਼ਾਂ ਦਾ ਪਿੱਠੂ ਸੀ ( 20 ਮਾਰਚ 1928 ਦੀ ਸੀਆਈਡੀ ਰਿਪੋਰਟ ਦੀ ਮਦ 4) ਭਾਰੀ ਪੁਲਿਸ ਫੋਰਸ ਨਾਲ ਆਪ ਨੂੰ 22 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਸਪੈਸ਼ਲ ਬੈਂਚ ਮਾਨਸਾ ਵੱਲੋਂ ਇਸ ਕੇਸ ਵਿੱਚ ਆਪ ਨੂੰ 17 ਸਾਲ ਦੀ ਕੈਦ ਅਤੇ 250 ਰੁਪਏ ਜੁਰਮਾਨਾ ਕੀਤਾ ਗਿਆ ਜਿਸ ਵਿੱਚੋਂ ਆਪ ਨੂੰ ਡੇਢ ਸਾਲ ਦੀ ਸਜ਼ਾ ਭੁਗਤਣੀ ਪਈ ਅਤੇ ਬਾਕੀ ਮਾਫ ਹੋ ਗਈ।
ਆਪ ਰਿਹਾ ਹੋ ਕੇ 21 ਅਪ੍ਰੈਲ 1923 ਨੂੰ ਆਏ ਹੀ ਸਨ ਕਿ ਆਪਣੇ ਹੀ ਪਿੰਡ ਲੌਂਗੋਵਾਲ ਵਿੱਚ ਇੱਕ ਜੋਸ਼ੀਲੀ ਤਕਰੀਰ ਕਰਨ ਬਦਲੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਵਿੱਚ ਆਪ ਨੂੰ ਤਿੰਨ ਸਾਲ ਕੈਦ ਅਤੇ 500 ਰੁਪਏ ਜੁਰਮਾਨਾ ਹੋਇਆ। ਜੁਲਾਈ 1924 ਵਿੱਚ ਆਪ ਜੀ ਜਾਇਦਾਦ ਵੀ ਜ਼ਬਤ ਕਰ ਲਈ ਗਈ ਇਹ ਕੈਦ ਆਪਣੇ ਬਠਿੰਡਾ ਜੇਲ ਵਿੱਚ ਕੱਟੀ। 1925 ਵਿੱਚ ਗੁਰਦੁਆਰਾ ਐਕਟ ਬਣਨ ਤੇ ਆਪ ਨੂੰ ਰਿਹਾ ਕਰ ਦਿੱਤਾ ਗਿਆ ,ਆਪ ਨੇ ਰਿਹਾ ਹੋ ਕੇ ਸੇਵਾ ਸਿੰਘ ਠੀਕਰੀਵਾਲਾ ਨੂੰ ਰਿਹਾ ਕਰਵਾਉਣ ਲਈ ਰਿਆਸਤ ਵਿੱਚ ਇੱਕ ਜ਼ਬਰਦਸਤ ਮੁਹਿੰਮ ਚਲਾ ਦਿੱਤੀ 11 ਜੁਲਾਈ 1926 ਨੂੰ ਆਪ ਜ਼ਿਲਾ ਮਜਿਸਟਰੇਟ ਸੁਨਾਮ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪਿੰਡ ਵਿੱਚੋਂ ਇੱਕ ਜਥਾ ਲੈ ਕੇ ਨੰਗਲ ਪੁੱਜੇ।
ਮਈ 1926 ਵਿੱਚ ਮੁੰਬਈ ਵਿਖੇ ਆਪ ਰਿਆਸਤ ਪਟਿਆਲਾ ਵੱਲੋਂ ਆਲ ਇੰਡੀਆ ਸਟੇਟ ਪੀਪਲਜ ਕਾਨਫਰੰਸ ਵਿੱਚ ਡੈਲੀਗੇਟ ਦੇ ਤੌਰ ਤੇ ਭੇਜੇ ਗਏ। ਇੱਥੇ ਹੀ ਆਪਣੇ ਪੰਜਾਬ ਰਿਆਸਤੀ ਪ੍ਰਜਾ ਮੰਡਲ ਕਾਇਮ ਕਰਨ ਦਾ ਮਨ ਬਣਾ ਲਿਆ ਤੇ ਇਸ ਦਾ ਫੈਸਲਾ ਬਰਨਾਲਾ ਨੇੜੇ ਸੇਖੇ ਦੇ ਬਾਹਰ ਰੇਲ ਦੇ ਪੁਲ ਤੇ ਹੋਈ ਗੁਪਤ ਮੀਟਿੰਗ ਵਿੱਚ ਲਿਆ ਗਿਆ। ਆਪ ਅਤੇ ਆਪ ਦੇ ਹੋਰ ਸਾਥੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ 17 ਜੁਲਾਈ 1928 ਨੂੰ ਮਾਨਸਾ ਵਿਖੇ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਕੀਤੀ ਗਈ। ਇਸ ਇਕੱਠ ਵਿੱਚ ਸ਼ਾਮਿਲ ਹਜ਼ਾਰਾਂ ਦੇਸ਼ ਭਗਤ ਕਾਰਨਾਂ ਨੇ ਆਪ ਜੀ ਨੂੰ ਇਸ ਦਾ ਜਨਰਲ ਸਕੱਤਰ ਅਤੇ ਸੇਵਾ ਸਿੰਘ ਠੀਕਰੀਵਾਲਾ ਜੋ ਉਸ ਸਮੇਂ ਜੇਲ ਵਿੱਚ ਸਨ ਨੂੰ ਪ੍ਰਧਾਨ ਬਣਾਇਆ ,ਜਸਵੰਤ ਸਿੰਘ ਦਾਨੇਵਾਲੀਆ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਆਪ ਉਸ ਕਾਨਫਰੰਸ ਵਿੱਚ ਸ਼ਾਮਿਲ ਨਹੀਂ ਸਨ ਕਿਉਂਕਿ ਗ੍ਰਿਫਤਾਰੀ ਦੇ ਵਾਰੰਟਾਂ ਕਾਰਨ ਆਪ ਰੂਪੋਸ਼ ਸਨ ।
ਰੂਪੋਸ਼ ਰਹਿੰਦੇ ਹੋਏ ਆਪ ਨੇ ਲੋਕਾਂ ਨੂੰ ਰਿਆਸਤੀ ਪ੍ਰਜਾ ਮੰਡਲ ਦੇ ਝੰਡੇ ਹੇਠ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਲਗਾਤਾਰ ਨਜ਼ਰਬੰਦੀ ਦੇ ਖਿਲਾਫ ਆਪ ਜੀ ਦੀ ਅਗਵਾਈ ਹੇਠ 1928 ਵਿੱਚ ਠੀਕਰੀਵਾਲਾ ਵਿਖੇ ਇੱਕ ਬਹੁਤ ਵੱਡਾ ਦੀਵਾਨ ਹੋਇਆ ਜਿਸ ਵਿੱਚ ਆਪ ਨੇ ਸਾਈਮਨ ਕਮਿਸ਼ਨ ਅੰਗਰੇਜ਼ ਸਰਕਾਰ ਅਤੇ ਰਿਆਸਤੀ ਰਾਜਿਆਂ ਖਿਲਾਫ ਸਖਤ ਭਾਸ਼ਣ ਦਿੱਤਾ। ਇਸ ਦੀਵਾਨ ਵਿੱਚ ਸ਼ਾਮਿਲ ਹੋਏ ਬਹੁਤ ਸਾਰੇ ਵਰਕਰਾਂ / ਆਗੂਆਂ ਨੂੰ ਪਟਿਆਲਾ ਰਿਆਸਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਆਪ ਬਚ ਕੇ ਨਿਕਲ ਗਏ। 18 ਅਪ੍ਰੈਲ 1928 ਨੂੰ ਭਾਰਤੀ ਨੈਸ਼ਨਲ ਕਾਂਗਰਸ ਦੇ ਕਲਕੱਤਾ ਸਲਾਨਾ ਸਮਾਗਮ ਸਮੇਂ ਹੋਈ ਸਰਬ ਭਾਰਤੀ ਰਿਆਸਤੀ ਕਾਨਫਰੰਸ ਵਿੱਚ ਆਪ ਨੇ ਨੁਮਾਇੰਦਗੀ ਕੀਤੀ ।ਆਪ ਜੀ ਦੀ ਅਗਵਾਈ ਹੇਠ ਮਹਾਰਾਜਾ ਪਟਿਆਲਾ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਵਾਈਸਰਾਏ ਹਿੰਦ ਨੂੰ ਮੈਮੋਰਡਮ ਪੇਸ਼ ਕੀਤਾ ਗਿਆ।
17 ਦਸੰਬਰ 1929 ਨੂੰ ਪਰਜਾ ਮੰਡਲ ਦਾ ਪਹਿਲਾ ਸੈਸ਼ਨ ਬਰੈਡਲੇ ਹਾਲ ਵਿਖੇ ਹੋਇਆ ਜਿਸ ਵਿੱਚ ਆਪ ਨੂੰ ਦੁਬਾਰਾ ਜਨਰਲ ਸਕੱਤਰ ਚੁਣਿਆ ਗਿਆ। 7 ਸਤੰਬਰ 1931 ਨੂੰ ਦਿੱਲੀ ਵਿਖੇ ਹੋਈ ਛੂਤਛਾਤ ਵਿਰੋਧੀ ਕਾਨਫਰੰਸ ਦੇ ਆਪ ਮੁੱਖ ਬੁਲਾਰਿਆਂ ਵਿੱਚੋਂ ਸਨ ।ਅੰਮ੍ਰਿਤਸਰ ਵਿਖੇ ਊਧਮ ਸਿੰਘ ਦੇ ਕਾਫੀ ਸੰਪਰਕ ਵਿੱਚ ਰਹੇ। ਪ੍ਰਜਾ ਮੰਡਲ ਦੇ ਇਤਿਹਾਸਿਕ ਲੁਧਿਆਣਾ ਸੈਸ਼ਨ ਦੀ ਕਾਮਯਾਬੀ ਵੀ ਬਹੁਤੀ ਆਪ ਜੀ ਦੇ ਯਤਨਾ ਕਾਰਨ ਹੀ ਸੀ। ਆਪ ਦੀ ਅਗਵਾਈ ਹੇਠ ਪਰਜਾ ਮੰਡਲ ਨੇ ਦੋ ਅਖਬਾਰ ਕੱਢਣੇ ਸ਼ੁਰੂ ਕੀਤੇ ਉਰਦੂ ਵਿੱਚ' ਰਿਆਸਤੀ ਦੁਨੀਆਂ' ਜਿਸ ਦੇ ਸੰਪਾਦਕ ਤਾਲਿਬ ਹੁਸੈਨ ਸਨ ਅਤੇ ਪੰਜਾਬੀ ਵਿੱਚ' ਦੇਸ਼ ਦਰਦੀ ' ਜਿਸ ਦੇ ਸੰਪਾਦਕ ਸਰਦਾਰਾ ਸਿੰਘ ਯੂਥਪ ਸਨ ।
2 ਮਾਰਚ 1932 ਨੂੰ ਮੈਮੋਰੰਡਮ ਦੀਆਂ ਕਾਪੀਆਂ ਉਛਾਲਦੇ ਹੋਏ ਭਾਰੀ ਜਥੇ ਨਾਲ ਆਪ ਨੇ ਦਿੱਲੀ ਦੀਆਂ ਸੜਕਾਂ ਤੇ ਮੁਜ਼ਾਹਰਾ ਕੀਤਾ, ਜਿਸ ਕਰਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 6 ਅਪ੍ਰੈਲ 1932 ਨੂੰ ਰਿਹਾ ਕੀਤਾ ਗਿਆ । ਜੁਲਾਈ 1932 ਦੇ ਆਰੰਭ ਵਿੱਚ ਆਪ ਜੀ ਦੀ ਗਵਾਹੀ ਹੇਠ ਅੰਮ੍ਰਿਤਸਰ ਵਿਖੇ ਇੱਕ ਜ਼ਬਰਦਸਤ ਮੁਜ਼ਾਰਾ ਕੀਤਾ ਗਿਆ ਜਿਸ ਨਾਲ ਬ੍ਰਿਟਿਸ਼ ਸਰਕਾਰ ਅਤੇ ਮਹਾਰਾਜਾ ਪਟਿਆਲਾ ਹਿੱਲ ਗਏ। ਸਰਕਾਰ ਨੇ ਇੱਕ ਵਿਸ਼ੇਸ਼ ਸਰਕੁਲਰ ਰਾਹੀਂ ਆਪ ਜੀ ਨੂੰ ਅੰਮ੍ਰਿਤਸਰ ਛੱਡ ਜਾਣ ਦਾ ਹੁਕਮ ਦਿੱਤਾ। ਆਪ ਬੁਢਲਾਡਾ ਵਿਖੇ ਰਹਿਣ ਲੱਗ ਪਏ । ਪਰਜਾ ਮੰਡਲ ਦੇ ਉਸ ਸਮੇਂ ਵਿਕਸਿਤ ਦੋ ਮਹੱਤਵਪੂਰਨ ਕੇਂਦਰਾਂ ਮਾਨਸਾ ਤੇ ਸੁਨਾਮ ਨੂੰ ਆਪ ਕਰਮਵਾਰ ਬੁਢਲਾਡਾ ਅਤੇ ਖਡਿਆਲ ਦੇ ਗੁਰਦੁਆਰਿਆਂ ਵਿੱਚੋਂ ਚਲਾਉਂਦੇ ਰਹੇ।
25 ਮਾਰਚ 1933 ਨੂੰ ਆਪ ਦੀ ਅਗਵਾਈ ਹੇਠ ਫਿਰ ਇੱਕ ਜਥੇ ਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਜ਼ਬਰਦਸਤ ਮੁਜ਼ਾਰਾ ਕੀਤਾ। ਇਸ ਉਪਰੰਤ ਪ੍ਰਜਾ ਮੰਡਲ ਦਾ ਇਜਲਾਸ ਹੋਇਆ ਜਿਸ ਦੀ ਪ੍ਰਧਾਨਗੀ ਏ. ਵੀ. ਪੱਟਵਰਧਨ ਪੂਨਾ ਨੇ ਕੀਤੀ । ਆਪ ਨੇ ਜੋਸ਼ੀਲੀ ਤਕਰੀਰ ਕਰਦਿਆਂ ਰਾਜਿਆਂ -ਮਹਾਰਾਜਿਆਂ ਦੀ ਕੋਝੀ ਤਸਵੀਰ ਪੇਸ਼ ਕੀਤੀ ਇਸ ਵਿੱਚ ਮਹਾਰਾਜਾ ਪਟਿਆਲਾ ਨੂੰ ਗੱਦੀ ਤੋਂ ਉਤਾਰਨ ,ਨਾਰਨੌਲ ਜੇਲ ਦੇ ਭੁੱਖ ਹੜਤਾਲੀਆਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਪੁਲਿਸ ਤਸ਼ੱਦਦ ਦੀ ਪੜਤਾਲ ਕਰਨ ਲਈ ਮਤੇ ਪਾਸ ਕੀਤੇ ਗਏ।
ਮਤੇ ਆਪ ਦੁਆਰਾ ਪਾਸ ਕੀਤੇ ਗਏ ਅਤੇ ਇੱਥੋਂ ਹੀ ਆਪ ਨੂੰ ਛੇਵੀਂ ਵਾਰ ਪਰਜਾ ਮੰਡਲ ਦਾ ਸਰਬ ਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ 1933 ਦੇ ਅੰਤ ਵਿੱਚ ਆਪ ਨੂੰ ਰਿਆਸਤੀ ਇਲਾਕੇ ਵਿੱਚ ਲਿਆ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਗਿਆ। ਆਪ ਖਿਲਾਫ ਪਹਿਲਾਂ ਹੀ ਕਈ ਕੇਸ ਦਰਜ ਸਨ ਆਪ ਤੇ ਸੱਤ ਵੱਖ ਤਰ੍ਹਾਂ ਦੇ ਦੋਸ਼ ਲਗਾ ਕੇ ਮੁਕਦਮਾ ਚਲਾਇਆ ਗਿਆ। ਇਹ ਮੁਕਦਮਾ ਬਰਨਾਲਾ ਸੈਸ਼ਨ ਕੋਰਟ ਵਿੱਚ ਚੱਲਿਆ ਇਸ ਮੁਕਦਮੇ ਚ ਆਪ ਨੂੰ 22 ਸਾਲ ਦੀ ਕੈਦ ਅਤੇ 900 ਰੁਪਏ ਜੁਰਮਾਨਾ ਕੀਤਾ ਗਿਆ। ਫੈਸਲਾ ਸੁਣਾ ਕੇ ਆਪ ਨੂੰ 14 ਨਵੰਬਰ 1934 ਨੂੰ ਪਟਿਆਲਾ ਜੇਲ ਭੇਜ ਦਿੱਤਾ ਗਿਆ ਇੱਥੇ ਆਪ 11 ਦਿਨ ਭੁੱਖ ਹੜਤਾਲ ਤੇ ਵੀ ਰਹੇ ।
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਮੌਤ ਤੋਂ ਬਾਅਦ ਮਹਾਰਾਜਾ ਪਟਿਆਲਾ ਨੇ ਮਾਸਟਰ ਤਾਰਾ ਸਿੰਘ ਅਤੇ ਹਰਚੰਦ ਸਿੰਘ ਜੇਜੀ ਨਾਲ ਸਮਝੌਤਾ( 1935 ) ਕਰ ਲਿਆ ਇਸ ਸਮਝੌਤੇ ਤਹਿਤ ਆਪ ਨੂੰ ਬਾਕੀ ਪਰਜਾ ਮੰਡਲੀਆ ਨਾਲ ਇੱਕ ਜਨਵਰੀ 1936 ਨੂੰ ਰਿਹਾ ਕਰ ਦਿੱਤਾ ਗਿਆ। ਆਪ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ 25-26 ਮਾਰਚ 1937 ਨੂੰ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਅਤੇ 10 ਅਕਤੂਬਰ 1940 ਨੂੰ ਸੰਗਰੂਰ ਵਿਖੇ ਪਰਜਾ ਮੰਡਲ ਦਾ ਬਹੁਤ ਵੱਡਾ ਇਕੱਠ ਕਰਕੇ ਆਪ ਨੇ ਜੇਜੀ ਧੜੇ ਦੇ ਕੂੜ ਕਾਂਡ ਦਾ ਭਾਂਡਾ ਭੰਨਿਆ। ਰਾਜੇ ਨੇ ਆਪ ਨੂੰ ਰਿਆਸਤ ਛੱਡਣ ਦਾ ਨੋਟਿਸ ਦਿੱਤਾ ਆਪ ਦਿੱਲੀ ਚਲੇ ਗਏ ਬਾਅਦ ਵਿੱਚ ਇੱਕ ਕੇਸ ਵਿੱਚ ਆਪ ਨੂੰ ਮੁਲਤਾਨ ਜੇਲ ਭੇਜ ਦਿੱਤਾ ਗਿਆ। ਜੇਲ ਤੋਂ ਰਿਹਾ ਹੋਣ ਤੋਂ ਬਾਅਦ ਆਪ ਆਪਣੇ ਪਿੰਡ ਲੌਂਗੋਵਾਲ ਆ ਗਏ ।
3 ਨਵੰਬਰ 1942 ਨੂੰ ਆਪ ਨੇ ਲੌਂਗੋਵਾਲ ਵਿਖੇ ਬਹੁਤ ਵੱਡੀ ਕਾਨਫਰੰਸ ਕੀਤੀ ਜਿਸ ਕਾਰਨ ਆਪ ਨੂੰ ਦੋ ਸਾਲ ਲਈ ਪਿੰਡ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ । ਇਸ ਉਪਰੰਤ ਆਪ ਨੂੰ ਟੀ .ਵੀ . ਦੀ ਬਿਮਾਰੀ ਨੇ ਘੇਰ ਲਿਆ ਆਪ ਫਿਰ ਵੀ ਨਜ਼ਰਬੰਦੀ ਦੌਰਾਨ ਹੀ ਪੁਲਿਸ ਨੂੰ ਚਕਮਾ ਦੇ ਕੇ ਪੈਦਲ ਤੁਰ ਕੇ 13 ਅਪ੍ਰੈਲ 1944 ਨੂੰ ਤਲਵੰਡੀ ਸਾਬੋ ਪਹੁੰਚੇ ਜਿੱਥੇ ਆਪ ਨੇ ਪਰਜਾ ਮੰਡਲ ਦੀ ਸਟੇਜ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਅੰਤ ਵਿੱਚ ਇਹ ਨਿਡਰ ਜੋਸ਼ੀਲੇ ਅਤੇ ਸੱਚੇ ਸੁੱਚੇ ਦੇਸ਼ ਭਗਤ 18 ਸਤੰਬਰ 1944 ਨੂੰ ਰਿਆਸਤੀ ਨਿਕਾਲਿਆਂ, ਪੁਲਿਸ ਤਸ਼ੀਹਿਆਂ, ਜੇਲ ਦੀਆਂ ਨਜ਼ਰਬੰਦੀਆਂ ਅਤੇ ਰੂਪੋਸ਼ੀਆਂ ਕਾਰਣ ਹੋਈ ਟੀ.ਵੀ . ਨਾਲ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਸ਼ਹੀਦ ਹੋ ਗਏ।
ਆਪ ਦਾ ਸਮੁੱਚਾ ਜੀਵਨ ਹੀ ਸੰਘਰਸ਼ਾਂ ਦੀ ਗਾਥਾ ਹੈ ਜਿਸ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਅਸੰਭਵ ਜਾਪਦਾ ਹੈ। ਆਪ ਜੀ ਦੀ ਹਮਸਫਰ (ਪਤਨੀ ) ਦੇਸ਼ ਭਗਤ ਧਰਮ ਕੌਰ, ਜਿਨਾਂ ਨੇ ਹਰ ਸੰਘਰਸ਼ ਵਿੱਚ ਆਪ ਜੀ ਦਾ ਸਹਿਯੋਗ ਦਿੱਤਾ ਇਸ ਸੰਸਾਰ ਤੋਂ ਰੁਖਸਤ ਕਰ ਗਈ ਹੈ। ਉਹਨਾਂ ਨੇ ਆਪ ਜੀ ਨਾਲ ਅਨੇਕਾਂ ਜੇਲਾਂ ਜਲਾ ਵਤਨੀਆਂ ਜਮੀਨ ਘਰ ਕੁਰਕੀ ਅਤੇ ਰੂਪੋਸ਼ੀਆਂ ਹੰਡਾਈਆਂ ਆਪਦੇ ਇਕਲੌਤੇ ਬੇਟੇ ਸ਼ਮਿੰਦਰ ਸਿੰਘ ਦੀ ਭਰ ਜਵਾਨੀ ਵਿੱਚ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਆਪ ਦੀਆਂ ਦੋ ਬੇਟੀਆਂ ਮਹਿੰਦਰ ਕੌਰ ਅਤੇ ਸ਼ਮਿੰਦਰ ਕੌਰ ਹਨ। ਆਪ ਜੀ ਛੋਟੀ ਬੇਟੀ ਮਹਿੰਦਰ ਕੌਰ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਬੇਟੀ ਸ਼ਮਿੰਦਰ ਕੌਰ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ ਦੇ ਸਰਗਰਮ ਆਗੂ ਹਨ ਜੋ ਕਿ ਲੌਂਗੋਵਾਲ ਵਿਖੇ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਜਗਸੀਰ ਸਿੰਘ ਲੌਂਗੋਵਾਲ ਪ੍ਰਧਾਨ ਪ੍ਰੈੱਸ ਕਲੱਬ (ਰਜਿ: )
ਲੌਂਗੋਵਾਲ ਜਿਲ੍ਹਾ ਸੰਗਰੂਰ
ਮੋਬਾਇਲ. 90416-06288