ਜ਼ਿਲ੍ਹਾ ਫ਼ਿਰੋਜ਼ਪੁਰ ਦੇ 6 ਸਕੂਲ ਉੱਤਮ ਸਕੂਲ ਪੁਰਸਕਾਰ ਨਾਲ ਹੋਏ ਸਨਮਾਨਿਤ
ਜ਼ਿਲ੍ਹਾ ਫ਼ਿਰੋਜ਼ਪੁਰ ਦੇ 6 ਸਕੂਲ ਉੱਤਮ ਸਕੂਲ ਪੁਰਸਕਾਰ ਨਾਲ ਹੋਏ ਸਨਮਾਨਿਤ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਕੀਤਾ ਵਿਸ਼ੇਸ਼ ਤੌਰ 'ਤੇ ਸਨਮਾਨਿਤ
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਦਿੱਤੀ ਮੁਬਾਰਕਬਾਦ, ਕੀਤੀ ਸ਼ਲਾਘਾ
ਫ਼ਿਰੋਜ਼ਪੁਰ 7 ਮਾਰਚ:2025 ( ਸੁਖਵਿੰਦਰ ਸਿੰਘ ):- ਸਕੂਲ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਹਰ ਜ਼ਿਲ੍ਹੇ ’ਚੋਂ ਬੈਸਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ। ਸਕੂਲ ਵਿਖੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ ਆਕਦਮਿਕ ਪ੍ਰਾਪਤੀਆਂ ਅਧਿਆਪਕਾਂ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਸਕੂਲ ਦੇ ਬੁਨਿਆਦੀ ਢਾਂਚੇ ਦੇ ਮੁਲਾਂਕਣ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਕੂਲ ਆਫ ਐਮੀਨੈੰਸ ਫ਼ਿਰੋਜ਼ਪੁਰ ਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ, ਸਰਕਾਰੀ ਹਾਈ ਸਕੂਲ ਤੂਤ, ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ, ਸਰਕਾਰੀ ਮਿਡਲ ਸਕੂਲ ਢੀਂਡਸਾ, ਸਰਕਾਰੀ ਮਿਡਲ ਸਕੂਲ ਬੋਤੀਆਂ ਵਾਲਾ ਨੂੰ ਅੱਜ ਉੱਤਮ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਨਿੰਦਿਤਾ ਮਿੱਤਰਾ ਅਤੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵਿਭਾਗ ਰਾਜੇਸ਼ ਧੀਮਾਨ ਵੱਲੋਂ ਚੰਡੀਗੜ੍ਹ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਕੂਲ ਮੁਖੀਆਂ ਨੂੰ ਬੈਸਟ ਸਕੂਲ ਸਰਟੀਫਿਕੇਟ ਅਤੇ ਕ੍ਰਮਵਾਰ 10 ਲੱਖ, 7.50 ਲੱਖ ਅਤੇ 5 ਲੱਖ ਦੀ ਇਨਾਮੀ ਰਾਸ਼ੀ ਦਾ ਚੈੱਕ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਨੇ ਇਸ ਪ੍ਰਾਪਤੀ ਨੂੰ ਸਮੂਹ ਅਧਿਆਪਕਾਂ ਦੀ ਮਿਹਨਤ, ਮਾਪਿਆਂ, ਐੱਸ ਐੱਮ ਸੀ ਦੇ ਸਹਿਯੋਗ ਅਤੇ ਵਿਦਿਅਰਥੀਆਂ ਦੀ ਪੜ੍ਹਾਈ ਕਰਨ ਦੀ ਲਗਨ ਨੂੰ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 3-4 ਸਾਲਾਂ ਦੌਰਾਨ ਸਕੂਲ ਦੀਆਂ ਲੜਕੀਆਂ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਵਿੱਚ ਪੰਜਾਬ ਪੱਧਰ ’ਤੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਜਿਸ ਨਾਲ ਸਿਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਹੋ ਰਿਹਾ ਹੈ।