ਨਗਰ ਨਿਗਮ ਵੱਲੋਂ ਜੀ.ਆਈ.ਐਸ. ਸਰਵੇ ਦੇ ਨਾਂ ’ਤੇ ਕੋਈ ਵੀ ਫੀਸ ਨਹੀਂ ਲਈ ਜਾ ਰਹੀ: ਨਿਗਮ ਕਮਿਸ਼ਨਰ
ਅੰਮ੍ਰਿਤਸਰ 17 ਦਸੰਬਰ 2025---
ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਅਧੀਨ ਆਉਂਦੀਆਂ ਪ੍ਰਾਪਰਟੀਆਂ (ਘਰ, ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ, ਦੁਕਾਨਾਂ, ਫੈਕਟਰੀਆਂ ਆਦਿ) ਦੀ ਡਿਜ਼ੀਟਲ ਮੈਪਿੰਗ ਲਈ ਕਰਵਾਏ ਜਾ ਰਹੇ ਜੀ.ਆਈ.ਐਸ. ਸਰਵੇ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਮੰਗੇ ਜਾਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਨਗਰ ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਸ਼ਹਿਰ ਦੀ ਲਗਭਗ ਚਾਰ ਲੱਖ ਪ੍ਰਾਪਰਟੀਆਂ ਦੀ ਡਿਜ਼ੀਟਲ ਮੈਪਿੰਗ ਲਈ ਸਾਈਬਰ ਸਵਿਫਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਜੀ.ਆਈ.ਐਸ. ਸਰਵੇ ਦੇ ਨਾਂ ’ਤੇ ਘਰਾਂ ਤੋਂ ਸੌ–ਸੌ ਰੁਪਏ ਵਸੂਲ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਨਗਰ ਨਿਗਮ ਵੱਲੋਂ ਸਾਈਬਰ ਸਵਿਫਟ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੰਪਨੀ ਜਾਂ ਸੰਸਥਾ ਨੂੰ ਜੀ.ਆਈ.ਐਸ. ਸਰਵੇ ਲਈ ਨਿਯੁਕਤ ਨਹੀਂ ਕੀਤਾ ਗਿਆ ਹੈ। ਕੰਪਨੀ ਦੇ ਕਰਮਚਾਰੀ ਹੀ ਘਰ–ਘਰ ਜਾ ਕੇ ਬਿਨਾਂ ਕਿਸੇ ਫੀਸ ਦੇ ਇਹ ਸਰਵੇ ਕਰ ਰਹੇ ਹਨ। ਸ਼ਹਿਰ ਵਾਸੀਆਂ ਨੂੰ ਸਿਰਫ਼ ਸਰਵੇ ਟੀਮ ਨੂੰ ਆਪਣੀ ਪ੍ਰਾਪਰਟੀ ਸੰਬੰਧਿਤ ਜਾਣਕਾਰੀ ਦੇਣੀ ਹੈ ਅਤੇ ਜੇ ਕੋਈ ਵੀ ਵਿਅਕਤੀ ਸਰਵੇ ਦੇ ਨਾਂ ’ਤੇ ਪੈਸਿਆਂ ਦੀ ਮੰਗ ਕਰੇ ਤਾਂ ਉਸ ਦੀ ਸੂਚਨਾ ਤੁਰੰਤ ਨਗਰ ਨਿਗਮ ਨੂੰ ਦਿੱਤੀ ਜਾਵੇ।
ਸਰਵੇ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਸਰਵੇ ਟੀਮਾਂ ਵੱਲੋਂ ਵਾਰਡ ਨੰਬਰ 3, 4, 31 ਅਤੇ 67 ਵਿੱਚ ਘਰ–ਘਰ ਜਾ ਕੇ ਜੀ.ਆਈ.ਐਸ. ਸਰਵੇ ਕੀਤਾ ਜਾ ਰਿਹਾ ਹੈ। ਅਗਲੇ 10–15 ਦਿਨਾਂ ਵਿੱਚ ਵਾਰਡ ਨੰਬਰ 7, 32, 69 ਅਤੇ 71 ਵਿੱਚ ਸਰਵੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਵੇ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ, ਕਿਉਂਕਿ ਡਿਜ਼ੀਟਲ ਮੈਪਿੰਗ ਨਾਲ ਨਗਰ ਨਿਗਮ ਨੂੰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ, ਬਿਹਤਰ ਟਾਊਨ ਪਲਾਨਿੰਗ, ਪਬਲਿਕ ਟ੍ਰਾਂਸਪੋਰਟ ਪ੍ਰਣਾਲੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ।


