ਭਾਰਤੀ ਰਿਜ਼ਰਵ ਬੈਂਕ ਵੱਲੋਂ ਦੇਸ਼ ਭਰ ਵਿੱਚ ਵਿੱਤੀ ਸਾਖਰਤਾ ਹਫ਼ਤੇ (24-28 ਫਰਵਰੀ 2025) ਤਹਿਤ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ
ਭਾਰਤੀ ਰਿਜ਼ਰਵ ਬੈਂਕ ਵੱਲੋਂ ਦੇਸ਼ ਭਰ ਵਿੱਚ ਵਿੱਤੀ ਸਾਖਰਤਾ ਹਫ਼ਤੇ (24-28 ਫਰਵਰੀ 2025) ਤਹਿਤ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਔਰਤਾਂ ਨੂੰ ਵਿੱਤੀ ਸਕੀਮਾਂ, ਸਰਕਾਰੀ ਲਾਭ ਸਕੀਮਾਂ ਅਤੇ ਨਿੱਜੀ ਵਿੱਤੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਫਿਰੋਜ਼ਪੁਰ 01 ਮਾਰਚ 2025 ( ਸੁਖਵਿੰਦਰ ਸਿੰਘ ) ਇਸ ਮੁਹਿੰਮ ਤਹਿਤ ਅੱਜ 28 ਫਰਵਰੀ 2025 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵੀ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਸਵੈ-ਸਹਾਇਤਾ ਗਰੁੱਪਾਂ ਦੀਆਂ 150 ਦੇ ਕਰੀਬ ਔਰਤਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਐਲ.ਡੀ.ਓ ਸ੍ਰੀ ਸੁਧੀਰ ਸਿੱਧੂ, ਮੁੱਖ ਐਲ.ਡੀ.ਐਮ ਸ੍ਰੀਮਤੀ ਗੀਤਾ ਮਹਿਤਾ, ਡੀ.ਪੀ.ਐਮ.ਐਨ.ਆਰ.ਐਲ.ਐਮ ਸ੍ਰੀ ਮਨਿੰਦਰ ਸਿੰਘ, ਸੀ.ਐਫ.ਐਲ ਅਤੇ ਐਫ.ਐਲ.ਸੀ ਦੇ ਅਧਿਕਾਰੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਭਾਰਤੀ ਰਿਜ਼ਰਵ ਬੈਂਕ ਵੱਲੋਂ ਆਰਐਸਈਟੀਆਈ, ਜ਼ੀਰਾ ਵਿਖੇ ਲਗਾਏ ਗਏ ਇਸ ਕੈਂਪ ਦਾ ਮੁੱਖ ਮੰਤਵ ਔਰਤਾਂ ਅਤੇ ਵਿਦਿਆਰਥਣਾਂ ਨੂੰ ਬੈਂਕਿੰਗ ਸੇਵਾਵਾਂ, ਵਿੱਤੀ ਪ੍ਰਬੰਧਨ, ਬੱਚਤ ਸਕੀਮਾਂ, ਪੈਨਸ਼ਨ ਸਕੀਮਾਂ, ਬੀਮਾ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਆਤਮ ਨਿਰਭਰ ਬਣਾਉਣਾ ਸੀ।ਇਸ ਸੰਦਰਭ ਵਿੱਚ, "ਵਿੱਤੀ ਸਿਆਣਪ, ਖੁਸ਼ਹਾਲ ਔਰਤਾਂ" ਥੀਮ ਦੇ ਨਾਲ ਬੈਂਕ ਦੁਆਰਾ ਵਿਸ਼ੇਸ਼ ਤੌਰ 'ਤੇ ਇੱਕ ਪੋਸਟਰ ਦਾ ਉਦਘਾਟਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਵਿੱਤੀ ਜਾਗਰੂਕਤਾ ਫੈਲਾਉਣ ਲਈ ਇੱਕ ਵਿੱਤੀ ਕੁਇਜ਼ ਵੀ ਕਰਵਾਈ ਗਈ, ਜਿਸ ਵਿੱਚ ਔਰਤਾਂ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕਰਨ ਲਈ ਕੁਇਜ਼ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਐਲ.ਡੀ.ਓ ਸ਼੍ਰੀ ਸੁਧੀਰ ਸਿੱਧੂ ਜੀ ਨੇ ਔਰਤਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਅਤੇ ਆਪਣੇ ਵਿੱਤੀ ਸਾਧਨਾਂ ਦਾ ਵਧੀਆ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਵੱਖ-ਵੱਖ ਅਧਿਕਾਰੀਆਂ ਨੇ ਕਿਹਾ ਕਿ ਵਿੱਤੀ ਸਾਖਰਤਾ ਨਾਲ ਔਰਤਾਂ ਨਾ ਸਿਰਫ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਸਸ਼ਕਤ ਕਰ ਸਕਦੀਆਂ ਹਨ ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਸਕਾਰਾਤਮਕ ਬਦਲਾਅ ਵੀ ਲਿਆ ਸਕਦੀਆਂ ਹਨ।ਪ੍ਰੋਗਰਾਮ ਦੌਰਾਨ ਬੈਂਕਿੰਗ ਸੇਵਾਵਾਂ ਅਤੇ ਵਿੱਤੀ ਸਕੀਮਾਂ ਸਬੰਧੀ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ, ਤਾਂ ਜੋ ਔਰਤਾਂ ਡਿਜੀਟਲ ਬੈਂਕਿੰਗ ਅਤੇ ਹੋਰ ਵਿੱਤੀ ਲੈਣ-ਦੇਣ ਨੂੰ ਸਮਝ ਸਕਣ|