ਜ਼ਿਲ੍ਹੇ ‘ਚ ਅਪਰਾਧ 'ਤੇ ਫੈਸਲਾਕੁੰਨ ਪ੍ਰਹਾਰ, 450 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 63 ਗ੍ਰਿਫ਼ਤਾਰ
ਹੁਸ਼ਿਆਰਪੁਰ, 10 ਫਰਵਰੀ:
ਏਡੀਜੀਪੀ ਇੰਟਰਨਲ ਸਿਕਿਓਰਿਟੀ ਸ਼ਿਵ ਕੁਮਾਰ ਵਰਮਾ ਨੇ ਅੱਜ ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਆਪ੍ਰੇਸ਼ਨ ਪ੍ਰਹਾਰ 2.0 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜੋ ਕਿ 9 ਫਰਵਰੀ ਤੋਂ 12 ਫਰਵਰੀ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ 20 ਤੋਂ 22 ਜਨਵਰੀ ਤੱਕ ਚਲਾਏ ਗਏ ਅਪਰੇਸ਼ਨ ਪ੍ਰਹਾਰ 1.0 ਦੌਰਾਨ ਸ਼ਾਨਦਾਰ ਸਫਲਤਾ ਮਿਲੀ ਸੀ, ਜਿਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ। ਇਸੇ ਲੜੀ ਵਿੱਚ ਆਪ੍ਰੇਸ਼ਨ ਪ੍ਰਹਾਰ 2.0 ਹੁਣ ਵਧੇਰੇ ਮਜ਼ਬੂਤ ਯੋਜਨਾਬੰਦੀ ਅਤੇ ਰਣਨੀਤੀ ਨਾਲ ਚਲਾਇਆ ਜਾ ਰਿਹਾ ਹੈ।
ਏਡੀਜੀਪੀ ਵਰਮਾ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਸਰਗਰਮ ਗੈਂਗਸਟਰਾਂ, ਭਗੌੜਿਆਂ, ਕਤਲ ਅਤੇ ਹੋਰ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਲਈ 450 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ 60 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਾਣਿਆਂ ਅਤੇ ਸਬ-ਡਵੀਜ਼ਨਾਂ ਅਧੀਨ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਬੱਸ ਅੱਡਿਆਂ, ਹੋਟਲਾਂ, ਢਾਬਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਵੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸ਼ੱਕੀ ਗਤੀਵਿਧੀਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਸਕੇ। ਹੁਣ ਤੱਕ ਜ਼ਿਲ੍ਹਾ ਪੁਲਿਸ ਨੇ 300 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ, ਜਦੋਂ ਕਿ 125 ਸ਼ੱਕੀ ਅਪਰਾਧੀਆਂ ਨੂੰ ਰਾਉਂਡਅਪ ਕੀਤਾ ਗਿਆ ਹੈ।
ਅਪਰੇਸ਼ਨ ਦੌਰਾਨ 3 ਘੋਸ਼ਿਤ ਅਪਰਾਧੀਆਂ ਸਮੇਤ ਕੁੱਲ 63 ਅਪਰਾਧੀਆਂ ਨੂੰ ਗਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 01 ਪਿਸਤੌਲ (30 ਬੋਰ), 01 ਦੇਸੀ ਪਿਸਤੌਲ, 14 ਜ਼ਿੰਦਾ ਕਾਰਤੂਸ, 09 ਮੋਟਰਸਾਈਕਲ ਅਤੇ 35 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਏਡੀਜੀਪੀ ਸ਼ਿਵ ਕੁਮਾਰ ਵਰਮਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀ ਸਫਲਤਾ ਪ੍ਰਾਪਤ ਹੋਵੇਗੀ ਅਤੇ ਜ਼ਿਲ੍ਹੇ ਵਿੱਚ ਅਪਰਾਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਇਆ ਜਾ ਸਕੇ।

_260129_224019.jpg)