ਨਰਮੇਂ ਦੀ ਫ਼ਸਲ ਦਾ ਰੋਜ਼ਾਨਾ ਸਰਵੇਖਣ ਕਰਨ ਦੀ ਲੋੜ: ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ:
ਡਾ: ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਅੱਜ ਪਿੰਡ ਰਹੂੜਿਆਂਵਾਲੀ ਵਿਖੇ 2—4 ਡੀ. ਨਦੀਨਨਾਸ਼ਕ ਦਵਾਈ ਨਾਲ ਪ੍ਰਭਾਵਿਤ ਨਰਮੇਂ ਦੀ ਫ਼ਸਲ ਦੇ ਖੇਤਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨਾ/ਬਾਸਮਤੀ ਜਾਂ ਹੋਰ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਜਿੱਥੇ ਉਨ੍ਹਾਂ ਦੇ ਖੇਤਾਂ ਦੇ ਨਾਲ ਨਰਮੇਂ ਦੀ ਫ਼ਸਲ ਖੜ੍ਹੀ ਹੈ ਉਥੇ 2—4 ਡੀ ਨਦੀਨਨਾਸ਼ਕ ਦਵਾਈ ਦੀ ਵਰਤੋਂ ਹਰਗਿਜ਼ ਨਾ ਕੀਤੀ ਜਾਵੇ ਤਾਂ ਜੋ ਨਰਮੇਂ ਦੀ ਫ਼ਸਲ ਦਾ ਨੁਕਸਾਨ ਨਾ ਹੋ ਸਕੇ।
ਇਸ ਸਮੇਂ ਉਨ੍ਹਾਂ ਵੱਲੋਂ ਪਿੰਡ ਮੌੜ, ਹਰਾਜ, ਗੋਨਿਆਣਾ ਦੇ ਨਰਮੇਂ ਦੇ ਖੇਤਾਂ ਦਾ ਵੀ ਸਰਵੇਖਣ ਕੀਤਾ ਗਿਆ। ਡਾ: ਗਿੱਲ ਨੇ ਦੱਸਿਆ ਕਿ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 27 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 69 ਅਧਿਕਾਰੀ/ ਕਰਮਚਾਰੀ ਸ਼ਾਮਿਲ ਹਨ। ਇਨ੍ਹਾਂ ਟੀਮਾਂ ਵੱਲੋਂ ਹਫ਼ਤੇ ਵਿੱਚ ਦੋ ਵਾਰ ਸੋਮਵਾਰ ਅਤੇ ਵੀਰਵਾਰ ਸਵੇਰੇ 08:00 ਵਜੇ ਤੋਂ 10:00 ਵਜੇ ਤੱਕ ਫ਼ਸਲ ਦਾ ਸਰਵੇਖਣ ਕੀਤਾ ਜਾਂਦਾ ਹੈ। ਨਰਮੇਂ ਦੀ ਫ਼ਸਲ ਤੇ ਕੀਤੇ ਗਏ ਸਰਵੇਖਣ ਦੇ ਅਧਾਰ ਤੇ ਹੀ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਸਿ਼ਫਾਰਸ਼ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਅਤੇ ਹੋਰ ਕੀਟਾਂ ਦਾ ਨਿਰੀਖ਼ਣ ਹਰ ਰੋਜ਼ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਕਰਨ। ਜੇਕਰ ਨਰਮੇਂ ਦੀ ਫ਼ਸਲ ਉਪਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਤੋਂ ਵਧ ਹੋ ਜਾਵੇ ਤਾਂ ਸਪਰੇਅ ਦੀ ਜ਼ਰੂਰਤ ਹੈ ਤਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਦੱਸੇ ਕੀਟਨਾਸ਼ਕ ਸਪਰੇਆਂ ਦੀ ਹੀ ਵਰਤੋਂ ਕੀਤੀ ਜਾਵੇ।
ਡਾ: ਗਿੱਲ ਨੇ ਦੱਸਿਆ ਕਿ ਨਰਮੇਂ ਦੀ ਫ਼ਸਲ ਨੂੰ ਸੋਕੇ ਜਾਂ ਲੰਮੀ ਔੜ ਤੋਂ ਬਾਅਦ ਜਦੋਂ ਪਾਣੀ ਲਾਇਆ ਜਾਂਦਾ ਹੈ ਜਾਂ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਪੱਤੇ ਅਚਾਨਕ ਮੁਰਝਾ ਜ਼ਾਂਦੇ ਹਨ, ਇਹ ਪੈਰਾਵਿਲਟ ਬਿਮਾਰੀ ਦੀਆਂ ਨਿਸ਼ਾਨੀਆਂ ਹਨ।ਇਸ ਦੀ ਰੋਕਥਾਮ ਲਈ ਕੋਬਾਲਟ ਕਲੋਰਾਈਡ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ।


