ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ

ਚੰਡੀਗੜ੍ਹ, 11 ਫਰਵਰੀ 2026 

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਟ੍ਰੇਡ ਡੀਲ ਦੀ ਵਕਾਲਤ ਕਰ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਸਮਝੌਤੇ ਨੂੰ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ 'ਗੱਦਾਰੀ' ਕਰਾਰ ਦਿੱਤਾ ਹੈ। ਧਾਲੀਵਾਲ ਨੇ ਜਾਖੜ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਉਹ ਮੀਡੀਆ ਵਿੱਚ ਸਿਫ਼ਤਾਂ ਦੇ ਪੁਲ ਬੰਨ੍ਹਣ ਦੀ ਬਜਾਏ ਇਸ ਡੀਲ ਦਾ ਅਸਲੀ ਡਰਾਫਟ ਜਨਤਕ ਕਰਨ।

ਬੁਧਵਾਰ ਨੂੰ ਆਪ ਆਗੂ ਪ੍ਰਭਵੀਰ ਬਰਾੜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੰਪ ਸਰਕਾਰ ਨੇ ਭਾਰਤੀ ਵਸਤਾਂ 'ਤੇ ਟੈਰਿਫ ਵਧਾ ਕੇ 18% ਕਰ ਦਿੱਤਾ ਹੈ, ਜਦਕਿ ਮੋਦੀ ਸਰਕਾਰ ਨੇ ਗੋਡੇ ਟੇਕਦਿਆਂ ਅਮਰੀਕੀ ਵਸਤਾਂ 'ਤੇ ਟੈਕਸ 7.7% ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਜਦੋਂ ਅਮਰੀਕੀ ਕਿਸਾਨ ਭਾਰਤ ਵਿੱਚ ਬਿਨਾਂ ਕਿਸੇ ਟੈਕਸ ਦੇ ਮਾਲ ਵੇਚੇਗਾ ਅਤੇ ਸਾਡੇ ਕਿਸਾਨ ਨੂੰ ਅਮਰੀਕਾ ਵਿੱਚ 18% ਟੈਕਸ ਦੇਣਾ ਪਵੇਗਾ, ਤਾਂ ਇਹ ਬਰਾਬਰੀ ਦਾ ਸੌਦਾ ਕਿਵੇਂ ਹੋਇਆ? ਇਹ ਦੇਸ਼ ਦੇ ਹਿੱਤ ਵਿੱਚ ਕਿੱਦਾਂ ਹੈ?

ਧਾਲੀਵਾਲ ਨੇ ਚਿਤਾਵਨੀ ਦਿੱਤੀ ਕਿ ਇਸ ਡੀਲ ਰਾਹੀਂ ਅਮਰੀਕਾ ਦੀ 'ਲਾਲ ਜਵਾਰ' ਭਾਰਤੀ ਮੰਡੀਆਂ 'ਤੇ ਕਬਜ਼ਾ ਕਰ ਲਵੇਗੀ, ਜਿਸ ਨਾਲ ਪੰਜਾਬ, ਯੂਪੀ ਅਤੇ ਮਹਾਰਾਸ਼ਟਰ ਦੇ ਮੱਕੀ, ਬਾਜਰਾ ਅਤੇ ਜਵਾਰ ਉਗਾਉਣ ਵਾਲੇ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜ਼ੀਰੋ ਟੈਰਿਫ ਕਾਰਨ ਕਸ਼ਮੀਰ ਅਤੇ ਹਿਮਾਚਲ ਦਾ ਸੇਬ, ਬਦਾਮ ਅਤੇ ਅਖਰੋਟ ਉਤਪਾਦਕ ਵੀ ਸੜਕਾਂ 'ਤੇ ਆ ਜਾਵੇਗਾ।

ਸੁਨੀਲ ਜਾਖੜ 'ਤੇ ਤੰਜ਼ ਕੱਸਦਿਆਂ ਧਾਲੀਵਾਲ ਨੇ ਕਿਹਾ ਕਿ ਜਾਖੜ ਸਾਹਿਬ, ਤੁਸੀਂ ਅੱਜ ਉਸੇ ਤਰ੍ਹਾਂ ਇਸ ਡੀਲ ਦੀ ਵਕਾਲਤ ਕਰ ਰਹੇ ਹੋ ਜਿਵੇਂ ਕਦੇ ਬਾਦਲ ਪਰਿਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਕਰਦਾ ਸੀ। ਅੱਜ ਅਕਾਲੀ ਦਲ ਦੀ ਸਿਆਸੀ ਹਾਲਤ ਸਭ ਦੇ ਸਾਹਮਣੇ ਹੈ। ਕਿਤੇ ਮੋਦੀ ਦੀ ਚਾਕਰੀ ਕਰਦਿਆਂ ਤੁਹਾਡਾ ਹਸ਼ਰ ਵੀ ਅਕਾਲੀਆਂ ਵਰਗਾ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਜਾਖੜ ਪਹਿਲਾਂ ਕਾਂਗਰਸ ਵਿੱਚ ਰਹਿ ਕੇ ਗਾਂਧੀ ਪਰਿਵਾਰ ਦੀ ਚਾਕਰੀ ਕਰਦੇ ਸਨ ਅਤੇ ਹੁਣ ਮੋਦੀ ਦੇ ਗੁਣਗਾਣ ਕਰਕੇ ਦੇਸ਼ ਦੇ ਹਿੱਤ ਵੇਚਣ 'ਤੇ ਤੁਲੇ ਹੋਏ ਹਨ।

'ਆਪ' ਬੁਲਾਰੇ ਨੇ ਕਿਹਾ ਕਿ ਅੱਜ ਤੱਕ ਇਸ ਡੀਲ ਦੀ ਜਾਣਕਾਰੀ ਸਿਰਫ਼ ਟਰੰਪ ਦੇ ਟਵੀਟਾਂ ਤੋਂ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਨਾ ਤਾਂ ਸੰਸਦ ਵਿੱਚ ਕੁਝ ਦੱਸਿਆ ਅਤੇ ਨਾ ਹੀ ਦੇਸ਼ ਨੂੰ ਭਰੋਸੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਅਮਰੀਕਾ ਕੋਲ ਗਿਰਵੀ ਰੱਖ ਦਿੱਤਾ ਹੈ।

ਧਾਲੀਵਾਲ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਪੂਰੇ ਦੇਸ਼ ਵਾਸੀਆਂ ਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਜਾਖੜ ਦੇ ਹਰ ਝੂਠ ਦਾ ਰੋਜ਼ਾਨਾ ਜਵਾਬ ਦੇਣਗੇ ਅਤੇ ਭਾਜਪਾ ਦੇ ਇਸ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦੇ ਰਹਿਣਗੇ। 

Advertisement

Latest News

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ  ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ
ਚੰਡੀਗੜ੍ਹ, 11 ਫਰਵਰੀ 2026  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਟ੍ਰੇਡ...
ਪੰਜਾਬ ਪੁਲਿਸ ਨੇ ਪਾਕਿ-ਅਧਾਰਤ ਮਾਡਿਊਲ ਦਾ ਪਰਦਾਫਾਸ਼ ਕਰਕੇ ਇੱਕ ਹੋਰ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਆਈਡੀ ਅਤੇ ਪਿਸਤੌਲ ਸਮੇਤ ਮੁਲਜ਼ਮ ਗ੍ਰਿਫ਼ਤਾਰ
ਹਥਿਆਰ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਵਿਅਕਤੀ 5 ਅਤਿ-ਆਧੁਨਿਕ ਪਿਸਤੌਲਾਂ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ; ਜੰਗਲਾਤ ਵਿਭਾਗ ਦੇ ਕਰਮਚਾਰੀ ਸਰਕਾਰ ਦਾ ਅਨਿੱਖੜਵਾਂ ਅੰਗ: ਲਾਲ ਚੰਦ ਕਟਾਰੂਚੱਕ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਭੋਰ ਸਾਹਿਬ ਰਵਿਦਾਸ ਮੰਦਰ ਦੇ ਸਲਾਨਾ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਯੋਜਨਾਵਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ