ਸੰਤ ਸੀਚੇਵਾਲ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇਤਿਹਾਸ ਦੇ ਪੰਨਿਆਂ ‘ਤੇ ‘ਗੁਰੂ ਨਾਨਕ ਜਹਾਜ਼’ ਦੇ ਤੌਰ ‘ਤੇ ਯਾਦ ਕਰਨ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਲਿਿਖਆ ਪੱਤਰ
ਨਵੀਂ ਦਿੱਲੀ, 23 ਜੁਲਾਈ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦੇ ਤੌਰ ‘ਤੇ ਜਾਣਨ ਲਈ ਅਤੇ 23 ਜੁਲਾਈ ਨੂੰ ਹਰ ਸਾਲ ਕੌਮੀ ਪੱਧਰ ‘ਤੇ ਮਨਾਉਣ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਪੱਤਰ ਲਿਿਖਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਅੱਜ ਤੋਂ 111 ਸਾਲ ਪਹਿਲਾਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕਨੇਡਾ ਤੋਂ ਵਾਪਸ ਭਾਰਤ ਲਈ ਰਵਾਨਾ ਹੋਇਆ ਸੀ। ਇਹ ਜਹਾਜ਼ 29 ਸਤੰਬਰ 1914 ਨੂੰ ਕੋਲਕੱਤਾ ਦੇ ਬਜਬਜ ਘਾਟ ‘ਤੇ ਆਇਆ ਸੀ। ਇੱਥੇ ਹੀ ਅੰਗਰੇਜ਼ੀ ਹਕੂਮਤ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਹਾਜ਼ ਦੇ 19 ਯਾਤਰੂਆਂ ਨੂੰ ਸ਼ਹੀਦ ਕਰ ਦਿੱਤਾ ਸੀ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਰਾਹੀ ਹਾਂਗਕਾਂਗ ਤੋਂ ਵੈਨਕੁਵਰ ਕਨੇਡਾ ਲਈ ਗਏ ਸਨ। ਇਹ ਜਹਾਜ਼ ਜੋ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਕੇ ਕਨੇਡਾ ਦੇ ਵੈਨਕੁਵਰ ਤੱਟ ‘ਤੇ 23 ਮਈ 1914 ਨੂੰ ਪਹੁੰਚਿਆ ਸੀ। ਪਰ ਉਥੇ ਯਾਤਰੀਆਂ ਨੂੰ ੳਤਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ, ਜਦ ਕਿ ਜਹਾਜ਼ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ। ਕਨੇਡਾ ਦੇ ਸਮੁੰਦਰੀ ਤਟ ‘ਤੇ ਇਹ ਜਹਾਜ਼ ਦੋ ਮਹੀਨੇ ਰੁਕਣ ਤੋਂ ਬਾਅਦ ਭਾਵ 23 ਜੁਲਾਈ 1914 ਨੂੰ ਕਨੇਡਾ ਤੋਂ ਵਾਪਸ ਚੱਲਿਆ ਸੀ। ਬਾਬਾ ਗੁਰਦਿੱਤ ਸਿੰਘ ਜੀ ਨੇ ਇਹ ਜਹਾਜ਼ ਕਨੇਡਾ ਲੈ ਜਾਣ ਦਾ ਫੈਸਲਾ ਇਸ ਕਰਕੇ ਕੀਤਾ ਸੀ ਕਿਉਂਕਿ ਕਨੇਡਾ ਦੀ ਸਰਕਾਰ ਨੇ ਭਾਰਤੀਆਂ ਦੇ ਕਨੇਡਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਾ ਦਿੱਤੀ ਸੀ।


