ਐਨ ਸੀ ਡੀ ਕਲੀਨਿਕ ਵਿਖੇ ਹਰ ਸ਼ਨੀਵਾਰ ਸਪੈਸ਼ਲ ਓ.ਪੀ.ਡੀ ਸੇਵਾਵਾਂ ਸ਼ੁਰੂ-ਸਿਵਲ ਸਰਜਨ
ਫਰੀਦਕੋਟ, 4 ਅਕਤੂਬਰ () ਸਿਵਲ ਹਸਪਤਾਲ ਫਰੀਦਕੋਟ ਵਿੱਚ ਐਨ ਸੀ ਡੀ ਕਲੀਨਿਕ ਵਿਖੇ ਗੈਰ ਸੰਚਾਰੀ ਰੋਗਾਂ ( ਬਲੱਡ ਪ੍ਰੈਸ਼ਰ,ਸ਼ੂਗਰ, ਕੈਸਰ) ਦੀ ਜਾਂਚ ਲਈ ਅਕਤੂਬਰ ਮਹੀਨੇ ਤੋਂ ਹਰ ਸ਼ਨੀਵਾਰ ਸਪੈਸ਼ਲ ਓ.ਪੀ.ਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਲੋਕ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋ ਪੀੜਤ ਹਨ, ਚਿੰਤਾ ਦੀ ਗੱਲ ਇਹ ਹੈ ਕਿ ਜਿੰਨਾਂ ਲੋਕਾਂ ਇਹ ਬਿਮਾਰੀ ਹੈ ਉਨ੍ਹਾਂ ਨੂੰ ਪਤਾ ਹੀ ਨਹੀਂ ਕਿਉਂਕਿ ਅਸੀਂ ਜਾਂਚ ਹੀ ਨਹੀ ਕਰਵਾਉਦੇ। ਇਸ ਤਰ੍ਹਾਂ ਲਗਾਤਾਰ ਗੈਰ ਸੰਚਾਰੀ ਰੋਗਾਂ ਤੋ ਪੀੜਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਨੋਜਵਾਨ ਪੀੜੀ ਵੀ ਇਨਾਂ ਰੋਗਾਂ ਦੀ ਲਪੇਟ ਵਿੱਚ ਆ ਰਹੀ ਹੈ। ਉਨਾਂ ਦੱਸਿਆਂ ਕਿ ਪਿੰਡ ਪੱਧਰ ਤੋਂ ਲੈ ਕੇ ਜਿਲ੍ਹਾਂ ਪੱਧਰ ਤੱਕ ਪੀੜਤ ਮਰੀਜਾਂ ਦੀ ਰਜਿਸ਼ਟਰੇਸ਼ਨ, ਜਾਂਚ, ਅਤੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆ ਹਨ। ਪਿੰਡਾਂ ਵਿੱਚ ਇਹ ਸੇਵਾਵਾਂ ਕਮਿਊਨਟੀ ਹੈਲਥ ਅਫਸਰ ਵੱਲੋ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਜੋ ਮਰੀਜ ਪਿੰਡ ਦੇ ਸਿਹਤ ਕੇਂਦਰ ਤੋਂ ਦਵਾਈ ਲੈ ਰਹੇ ਹਨ ਜਾਂ ਨਵੇ ਮਰੀਜ਼ ਰਜਿਸਟਰ ਹੋ ਰਹੇ ਹਨ, ਉਹ ਇੱਕ ਵਾਰ ਮਾਹਿਰ ਡਾਕਟਰ ਦੀ ਸਲਾਹ ਲਈ ਸਿਵਲ ਹਸਪਤਾਲ ਵਿਖੇ ਜ਼ਰੂਰ ਆਉਣ।
ਐਸ.ਐਮ.ਓ ਸਿਵਲ ਹਸਪਤਾਲ ਡਾ. ਪਰਮਜੀਤ ਬਰਾੜ ਨੇ ਕਿਹਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋ ਪੀੜਤ ਮਰੀਜਾਂ ਨੂੰ ਦਵਾਈ ਦਾ ਸੇਵਨ ਸਮੇਂ ਸਿਰ ਡਾਕਟਰ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਇਲਾਜ ਨਾ ਕਰਵਾਉਣ ਦੀ ਸੂਰਤ ਵਿੱਚ ਇਹ ਬਿਮਾਰੀ ਸਰੀਰ ਦੇ ਹੋਰਨਾਂ ਅੰਗਾਂ ਤੇ ਮਾੜਾ ਪ੍ਰਭਾਵ ਪਾਉਦੀ ਹੈ ਅਤੇ ਜਾਨਲੇਵਾ ਵੀ ਹੋ ਸਕਦੀ ਹੈ। ਇਨਾਂ ਬਿਮਾਰੀਆਂ ਤੋ ਬਚਾਅ ਹਰ ਰੋਜ ਸੈਰ, ਸਾਈਕਲ ਚਲਾਉਣਾ, ਯੋਗ ਕਰਨਾ ਅਤੇ ਨਸ਼ਿਆ ਦਾ ਸੇਵਨ ਨਾ ਕਰਨਾ ਅਤੇ ਪੋਸ਼ਟਿਕ ਭੋਜਨ ਦੀ ਵਰਤੋਂ ਸਿਹਤ ਲਈ ਲਾਹੇਵੰਦ ਹੈ।
ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਕਿਹਾ ਕਿ ਇਨਸਾਨ ਦਾ ਸਮੇ ਸਿਰ ਭੋਜਨ ਨਾ ਕਰਨਾ ,ਤਲੇ ਹੋਏ ਭੋਜਨ/ ਫਾਸਟ ਫੂਡ ਦੀ ਜਿਆਦਾ ਵਰਤੋਂ, ਮੋਟਾਪਾ, ਕਸਰਤ ਨਾ ਕਰਨਾ, ਨਸ਼ਿਆਂ ਦਾ ਸੇਵਨ ਅਤੇ ਮਾਨਸਿਕ ਤਨਾਓ ਹੋਣਾ ਆਦਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਰੋਗ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਆਮ ਜਨਤਾ ਨੂੰ ਇਨਾਂ ਬਿਮਾਰੀਆਂ ਤੋ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।