ਬਰਸਾਤੀ ਪਾਣੀ ਨੂੰ ਸੰਭਾਲਣ ਬਾਰੇ ਅਤੇ ਝੋਨੇ ਦੇ ਕੀੜੇ ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਪਿੰਡ ਮਾਝੀ ਵਿਖੇ ਸਿਖਲਾਈ ਕੈਂਪ
ਭਵਾਨੀਗੜ੍ਹ/ਸੰਗਰੂਰ, 24 ਜੁਲਾਈ (000) - ਕੈਂਪਾਂ ਦੀ ਲਗਾਤਾਰਤਾ ਨੂੰ ਜਾਰੀ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਮਾਝੀ ਨੇੜੇ ਭਵਾਨੀਗੜ੍ਹ ਵਿਖੇ ਬਰਸਾਤੀ ਪਾਣੀ ਨੂੰ ਸੰਭਾਲਣ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਛੱਤਾਂ ਰਾਹੀਂ ਮੀਂਹ ਦੇ ਪਾਣੀ ਦੇ ਪਾਣੀ ਨੂੰ ਧਰਤੀ ਵਿੱਚ ਨਿਘਾਰਨ ਦੇ ਢੰਗਾਂ ਬਾਰੇ ਜਾਣੰ ਕਰਵਾਇਆ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਮਾਤਰਾ ਵਿੱਚ ਵਾਧਾ ਹੋਣ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਵੀ ਸੁਧਾਰੀ ਜਾ ਸਕਦੀ ਹੈ। ਇਸ ਰੀਚਾਰਜ ਨਾਲ ਜਿਥੇ ਮਿੱਟੀ ਕਟਾਅ ਘੱਟਦਾ ਹੈ ਉਥੇ ਹੜ੍ਹਾਂ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ। ਡਾ. ਅਸ਼ੋਕ ਕੁਮਾਰ ਨੇ ਮੀਂਹ ਦੇ ਪਾਣੀ ਨੂੰ ਰੀਚਾਰਜ ਯੂਨਿਟ ਲਗਾਉਣ ਦੇ ਖਰਚੇ, ਯੂਨਿਟ ਦੇ ਵੱਖ-ਵੱਖ ਹਿੱਸਿਆਂ ਅਤੇ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕੈਂਪ ਦੌਰਾਨ ਕਿਸਾਨਾਂ ਨੂੰ ਪਾਣੀ ਦੀ ਸੁਯੋਗ ਵਰਤੋਂ ਸਬੰਧੀ ਵਿਸਥਾਰਪੂਰਵਕ ਦੱਸਿਆ।
ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਤੇ ਜ਼ਿੰਕ ਦੀ ਘਾਟ ਦੇ ਲੱਛਣ ਵੀ ਝੋਨੇ ਤੇ ਦਿਖਾਈ ਦੇ ਰਹੇ ਹਨ ਇਸ ਕਰਕੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਸਲਾਹ ਕਰਕੇ ਸਿਫਾਰਸ਼ ਕੀਤੀ ਜ਼ਿੰਕ ਦੀ ਮਾਤਰਾ ਪਾਉਣੀ ਚਾਹੀਦੀ ਹੈ।
ਝੋਨੇ ਤੇ ਬਾਸਮਤੀ ਦੇ ਕੀੜੇ ਮਕੌੜੇ ਜਿਵੇਂ ਕਿ ਤਣੇ ਦੇ ਗੰਡੂਏ, ਪੱਤਾ ਲਪੇਟ ਸੁੰਡੀ ਆਦਿ ਦਾ ਨਿਰੀਖਣ ਕਰਕੇ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਵੱਧ ਮਾਤਰਾ ਵਿੱਚ ਹਮਲਾ ਹੋਣ ਦੀ ਸੂਰਤ ਵਿੱਚ ਹੀ ਛਿੜਕਾਅ ਕਰਨ ਨੂੰ ਕਿਹਾ।ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਅਤੇ ਜਿਪਸਮ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਚੂਹਿਆਂ ਦੀ ਰੋਕਥਾਮ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਕੈਂਪ ਨੂੰ ਉਲੀਕਣ ਅਤੇ ਕਿਸਾਨਾਂ ਤੱਕ ਸੁਨੇਹੇ ਲਗਾਉਣ ਵਿੱਚ ਸ. ਗੁਰਸੇਵਕ ਸਿੰਘ, ਸ. ਹਰਵਿੰਦਰ ਸਿੰਘ, ਸ. ਬਹਾਦਰ ਸਿੰਘ ਅਤੇ ਹੋਰ ਨੇ ਬਹੁਤ ਯੋਗਦਾਨ ਪਾਇਆ।
ਅੰਤ ਵਿੱਚ ਕਈ ਪਿੰਡਾਂ ਜਿਵੇਂ ਕਿ ਮਾਝੀ, ਤੁਰੀ, ਗਹਿਲਾਂ, ਭੱਦਲਵੱਢ ਵਿੱਚ ਝੋਨੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਝੋਨੇ ਵਿੱਚ ਪੂਸਾ-44 ਕਿਸਮ ਵਿੱਚ 2-3 ਬੌਣੇ ਬੂਟੇ ਪ੍ਰਤੀ ਏਕੜ ਦਿਖਾਈ ਦਿੱਤੇ। ਬੌਣੇ ਬੂਟੇ ਹੁਣ ਇੱਕ ਨਵਾਂ ਵਿਸ਼ਾਣੂੰ ਰੋਗ ਹੈ ਜੋ ਕਿ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ। ਕਿਸਾਨਾਂ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ।


