ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 10-08-2025 ਅੰਗ 438
ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੧ ਛੰਤ ਘਰੁ ੩
॥ ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥ ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥ ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥ ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥ ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥ ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਛੰਤ’। ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ? (ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ। ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ। (ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ। ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ। ਨਾਨਕ ਆਖਦਾ ਹੈ-ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ।੧।


