ਮੁਕਤਸਰ ਵਿੱਚ ਸਥਾਨਕ ਖੇਤੀਬਾੜੀ ਸਮੱਸਿਆਵਾਂ ਦੇ ਹੱਲ ਲਈ ਕਿਸਾਨ–ਸਾਇੰਸਦਾਨ ਮਿਲਣੀ
ਸ੍ਰੀ ਮੁਕਤਸਰ ਸਾਹਿਬ, 15 ਅਗਸਤ:
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ, ਜਿਵੇਂ ਕਿ ਮੁਕਤਸਰ, ਗਿੱਦੜਬਾਹਾ, ਮਲੋਟ ਅਤੇ ਲੰਬੀ ਬਲਾਕਾਂ ਵਿੱਚ ਕਿਸਾਨ–ਸਾਇੰਸਦਾਨ ਮਿਲਣੀਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਸਮਾਗਮਾਂ ਵਿੱਚ ਬੋਰਡ ਆਫ ਮੈਨੇਜਮੈਂਟ, ਪੀ.ਏ.ਯੂ., ਲੁਧਿਆਣਾ ਦੇ ਮੈਂਬਰ ਇੰਜ. ਅਮਰਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹਨਾਂ ਮਿਲਣੀਆਂ ਦਾ ਮੁੱਖ ਉਦੇਸ਼ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਾ ਅਤੇ ਖੇਤਰ-ਵਿਸ਼ੇਸ਼ ਖੇਤੀਬਾੜੀ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕਰਨਾ ਸੀ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਆਪਣੀ ਖੇਤੀ ਵਿਗਿਆਨੀਆਂ ਦੀ ਟੀਮ ਨਾਲ ਸ਼ਾਮਿਲ ਹੋਏ, ਜਿਨ੍ਹਾਂ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਮੌਕੇ 'ਤੇ ਹੀ ਕਿਸਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ।
ਕਿਸਾਨਾਂ ਵੱਲੋਂ ਉਠਾਏ ਗਏ ਮੁੱਖ ਮੁੱਦਿਆਂ ਵਿੱਚ ਮਿੱਟੀ ਅਤੇ ਪਾਣੀ ਦੀ ਮਾੜੀ ਗੁਣਵੱਤਾ, ਮਾੜੇ ਪਾਣੀਆਂ ਵਿੱਚ ਹੋਣ ਵਾਲੀਆਂ ਕਿਸਮਾਂ ਦੀ ਲੋੜ, ਨਰਮੇ ਦੇ ਉਤਪਾਦਨ ਅਤੇ ਮੰਡੀਕਰਨ ਸਬੰਧੀ ਸਮੱਸਿਆਵਾਂ, ਖੇਤੀਬਾੜੀ ਰਸਾਇਣਾਂ ਦੀ ਗੁਣਵੱਤਾ ਸਬੰਧੀ ਚਿੰਤਾਵਾਂ, ਨਹਿਰੀ ਪਾਣੀ ਦੀ ਘੱਟ ਸਪਲਾਈ ਅਤੇ ਪੁਰਾਣੀ ਨਹਿਰਾਂ ਅਤੇ ਰਜਬਾਹਿਆਂ ਦੀ ਮੁੜ ਬਹਾਲੀ ਜਾਂ ਮੁਰੰਮਤ ਦੀ ਮੰਗ ਸ਼ਾਮਲ ਸੀ। ਫਲ ਉਤਪਾਦਕ ਕਿਸਾਨਾਂ ਨੇ ਕੁਝ ਨਿੱਜੀ ਨਰਸਰੀਆਂ ਵੱਲੋਂ ਘਟੀਆ ਗੁਣਵੱਤਾ ਵਾਲੇ ਪੌਦੇ ਦੇਣ ਦੀ ਸਮੱਸਿਆ ਦੇ ਨਾਲ-ਨਾਲ ਸੰਤਰੇ ਅਤੇ ਹੋਰ ਫਲਾਂ ਵਿੱਚ ਕੀੜੇ ਅਤੇ ਬਿਮਾਰੀਆਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨਾਂ ਨੇ ਫਲਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਯੂਨਿਟਾਂ ਦੀ ਸਥਾਪਨਾ, ਸਬਜ਼ੀਆਂ ਲਈ ਉਚਿਤ ਕੋਲਡ ਸਟੋਰੇਜ ਸਹੂਲਤਾਂ ਅਤੇ ਫਸਲੀ ਵਿਭਿੰਨਤਾ ਲਈ ਬੁਨਿਆਦੀ ਢਾਂਚੇ ਦੇ ਸੁਧਾਰ ਦੀ ਵੀ ਮੰਗ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਨੇ ਯਕੀਨ ਦਵਾਇਆ ਕਿ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਤੋਂ ਮਿਲੀ ਜਾਣਕਾਰੀ ਅਤੇ ਸੁਝਾਵਾਂ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਕੇ.ਵੀ.ਕੇ. ਦੇ ਵੱਖ ਵੱਖ ਯੂਨਿਟਾਂ ਅਤੇ ਕਿਸਾਨਾ ਦੇ ਖੇਤਾਂ ਦਾ ਦੌਰਾ ਕੀਤਾ ਗਿਆ।


